ਜ਼ਿਲ੍ਹੇ ਵਿੱਚ 13300 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ – ਡਿਪਟੀ ਕਮਿਸ਼ਨਰ

Dc Mohammad Ishfaq

ਜ਼ਿਲ੍ਹਾ ਪ੍ਰਸ਼ਾਸਨ ਨੇ ਗਰੀਬਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦੇਣ ਲਈ ਕਾਰਵਾਈ ਅਰੰਭ ਕੀਤੀ

ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਲਈ 28 ਅਤੇ 29 ਅਕਤੂਬਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਗਣਗੇ ਸੁਵਿਧਾ ਕੈਂਪ

ਗੁਰਦਾਸਪੁਰ, 20 ਅਕਤੂਬਰ ( ਮੰਨਣ ਸੈਣੀ ) – ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ’ਤੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦੇਣ ਦੀ ਯੋਜਨਾਂ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਹਦਾਇਤ ਕੀਤੀ ਹੈ ਕਿ ਇਸ ਅਮਲ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ  ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 13300 ਲਾਭਪਾਤਰੀਆਂ ਦੀ 5-5 ਮਰਲੇ ਦੇ ਪਲਾਟ ਦੇਣ ਲਈ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ 3300 ਅਰਜ਼ੀਆਂ ਦੀ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਕਾਇਆ ਅਰਜ਼ੀਆਂ ਨੂੰ ਵੀ ਜਲਦੀ ਹੀ ਪ੍ਰਾਪਤ ਕਰਕੇ ਉਨ੍ਹਾਂ ਦੀ ਵੀ ਵੈਰੀਫਿਕੇਸ਼ਨ ਮੁਕੰਮਲ ਕਰਨ ਉਪਰੰਤ 5-5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਲਾਟ ਦੇਣ ਲਈ ਪੁੱਡਾ ਦੇ ਨੇਮਾਂ ਤਹਿਤ ਵਿਸ਼ੇਸ਼ ਕਲੋਨੀ ਕੱਟੀਆਂ ਜਾਣਗੀਆਂ ਜਿਥੇ ਜਲ ਸਪਲਾਈ, ਸੀਵਰੇਜ, ਪਾਣੀ ਦੀ ਨਿਕਾਸੀ ਗਲੀਆਂ/ਸੜਕਾਂ ਆਦਿ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਹਨ ਉਸ ਸਬੰਧੀ ਵੀ ਫਾਰਮ ਭਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਰੋਜ਼ਾਨਾਂ 6000 ਫਾਰਮ ਭਰਨ ਦਾ ਟੀਚਾ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਲਈ 28 ਅਤੇ 29 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ, ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ, ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ, ਪ੍ਰਜਾਪਤੀ ਭਵਨ ਨੇੜੇ ਬੱਸ ਸਟੈਂਡ ਕਲਾਨੌਰ ਅਤੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੀ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਕੱਚੇ ਮਕਾਨਾਂ ਲਈ ਪੀ.ਐੱਮ. ਅਵਾਸ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਸਕਾਲਰਸ਼ਿਪ ਸਕੀਮ, ਐੱਸ.ਸੀ. ਬੀ.ਸੀ. ਕਾਰਪੋਰੇਸ਼ਨ/ ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਨਰੇਗਾ ਜਾਬ ਕਾਰਡ, ਕੋਈ ਹੋਰ ਸਰਕਾਰੀ ਸਕੀਮ ਅਧੀਨ ਲਾਭ, 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਸੀ.ਐੱਲ.ਯੂ ਕੇਸ/ ਨਕਸੇ ਆਦਿ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ।  ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੈਂਪਾਂ ਵਿੱਚ ਵਿਧਾਇਕਾਂ, ਕੌਂਸਲਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਦਾ ਸਹਿਯੋਗ ਵੀ ਲਿਆ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਪਰੋਕਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਪਣੇ ਨੇੜੇ ਦੇ ਸੁਵਿਧਾ ਕੈਂਪ ਵਿੱਚ ਜਰੂਰ ਪਹੁੰਚਣ।

FacebookTwitterEmailWhatsAppTelegramShare
Exit mobile version