ਡਿਪਟੀ ਕਮਿਸ਼ਨਰ ਨੇ ਅੱਜ ਜ਼ੂਮ ਐਪ ਰਾਹੀਂ ਵਰਚੂਅਲ ਤੌਰ ’ਤੇ ਬਟਾਲਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਹਰ ਮੰਗਲਵਾਰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਬਟਾਲਾ ਵਾਸੀਆਂ ਨਾਲ ਆਨ-ਲਾਈਨ ਮੀਟਿੰਗ ਕਰਿਆ ਕਰਨਗੇ

ਬਟਾਲਾ, 3 ਅਗਸਤ (  ਮੰਨਨ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਇੱਕ ਵਾਰ ਫਿਰ ਮੋਬਾਇਲ ਦੀ ਜ਼ੂਮ ਐਪਲੀਕੇਸ਼ਨ ਰਾਹੀਂ ਵਰਚੂਅਲ ਤੌਰ ’ਤੇ ਬਟਾਲਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਅੱਜ ਸ਼ਾਮ 4 ਵਜੇ ਜ਼ੂਮ ਰਾਹੀਂ ਬਟਾਲਾ ਵਾਸੀਆਂ ਨਾਲ ਆਨ-ਲਾਈਨ ਰਾਬਤਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਾਕਡਾਊਨ ਤੇ ਕਰਫਿਊ ਦੌਰਾਨ ਜ਼ਿਲ੍ਹੇ ਵਾਸੀਆਂ ਦੀ ਮੁਸ਼ਕਲਾਂ ਸੁਣਨ ਲਈ ਜ਼ੂਮ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਲੋਕਾਂ ਵੱਲੋਂ ਜੋ ਮੁਸ਼ਕਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ ਉਨ੍ਹਾਂ ਦਾ ਹੱਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਤੌਰ ’ਤੇ ਅਤੇ ਹੋਰ ਮਾਧਿਅਮਾਂ ਰਾਹੀਂ ਵੀ ਜ਼ਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਵਾਸੀਆਂ ਦੀ ਮੰਗ ’ਤੇ ਦੁਬਾਰਾ ਆਨ-ਲਾਈਨ ਮੀਟਿੰਗ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਬਟਾਲਾ ਵਾਸੀ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ।

ਅੱਜ ਦੀ ਆਨ ਲਾਈਨ ਮੀਟਿੰਗ ਵਿੱਚ ਬਟਾਲਾ ਨਿਵਾਸੀਆਂ ਨੇ ਸ਼ਹਿਰ ਵਿੱਚ ਸੀਵਰੇਜ, ਸੜਕਾਂ, ਪੁਲਿਸ ਪੈਟਰੋਲਿੰਗ, ਸਫ਼ਾਈ, ਲਾਈਟਾਂ, ਟਰੈਫਿਕ ਸਮੱਸਿਆ, ਓਪਨ ਜਿੰਮ ਆਦਿ ਮਸਲੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੇ। ਬਟਾਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਅਤੇ ਅਗਲੇ ਹਫ਼ਤੇ ਤੱਕ ਕਾਰਵਾਈ ਰਿਪੋਰਟ ਜਮਾਂ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਗਲੇ ਮੰਗਲਵਾਰ ਸ਼ਾਮ 4 ਵਜੇ ਫਿਰ ਆਨ ਲਾਈਨ ਜ਼ੂਮ ਮੀਟਿੰਗ ਕੀਤੀ ਜਾਵੇਗੀ।

ਓਧਰ ਬਟਾਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੀ ਇਸ ਪਹਿਲ ਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਉਪਰਾਲਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਿੱਚ ਅਹਿਮ ਸਹਾਈ ਹੋ ਰਿਹਾ ਹੈ।  

FacebookTwitterEmailWhatsAppTelegramShare
Exit mobile version