ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਨੂੰ ਅਗਸਤ ਲਈ 2.5 ਲੱਖ ਮੀਟਰਕ ਟਨ ਡੀ.ਏ.ਪੀ. ਦੀ ਵੰਡ ਤੁਰੰਤ ਕਰਨ ਦੀ ਅਪੀਲ ਕੀਤੀ

ਨਵੀਂ ਦਿੱਲੀ/ਚੰਡੀਗੜ੍ਹ, 29 ਜੁਲਾਈ:- ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨੂੰ ਅਗਸਤ ਮਹੀਨੇ ਲਈ 2.5 ਲੱਖ ਮੀਟਰਕ ਟਨ ਡੀ.ਏ.ਪੀ. ਦੀ ਵੰਡ ਤੁੰਰਤ ਕਰਨ ਦੀ ਅਪੀਲ ਕੀਤੀ ਹੈ।

ਸ. ਰੰਧਾਵਾ ਨੇ ਅੱਜ ਸਵੇਰੇ ਨਿਰਮਾਣ ਭਵਨ, ਨਵੀਂ ਦਿੱਲੀ ਵਿਚ ਇਸ ਬਾਰੇ ਕੇਂਦਰੀ ਖਾਦਾਂ ਬਾਰੇ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਕਿ ਸਾਉਣੀ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਡੀ.ਏ.ਪੀ. ਦੀ ਨਿਰਵਿਘਨ ਸਪਲਾਈ ਯਕੀਨੀ ਬਣਾਇਆ ਜਾ ਸਕੇ।

ਸ. ਰੰਧਾਵਾ ਵੱਲੋਂ ਉਠਾਏ ਮੁੱਦੇ ਦੇ ਜਵਾਬ ਵਿਚ ਸ੍ਰੀ ਮਾਂਡਵੀਆ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮੰਤਰਾਲਾ ਵੱਲੋਂ ਖਾਦਾਂ ਦੀ ਢੁਕਵੀਂ ਵੰਡ ਲਈ ਅਗਾਊਂ ਹੀ ਸਾਰੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਇਸ ਦੀ ਕਮੀ ਕਰਕੇ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਦੇਸ਼ ਭਰ ਦੇ ਸਮੂਹ ਸੂਬਿਆਂ ਨੂੰ ਡੀ.ਏ.ਪੀ. ਦੀ ਲੋੜੀਂਦੀ ਅਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਏਗਾ। ਉਨ੍ਹਾਂ ਨੇ ਪੰਜਾਬ ਨੂੰ ਡੀ.ਏ.ਪੀ. ਦੀ ਲੋੜੀਂਦੀ ਸਪਲਾਈ ਸਮੇਂ ਸਿਰ ਕਰਨ ਦਾ ਭਰੋਸਾ ਦਿੱਤਾ।

ਕੇਂਦਰੀ ਮੰਤਰੀ ਦਾ ਧੰਨਵਾਦ ਕਰਦਿਆਂ ਸ. ਰੰਧਾਵਾ ਨੇ ਉਨ੍ਹਾਂ ਨੂੰ ਮਾਰਫੈੱਡ ਅਤੇ ਮਿਲਕਫੈੱਡ ਦੀਆਂ ਵਸਤਾਂ ਦੀ ਟੋਕਰੀ ਵੀ ਸ਼ੁਕਰਾਨੇ ਵਜੋਂ ਭੇਟ ਕੀਤੀ।

ਸ. ਰੰਧਾਵਾ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਐਮ.ਡੀ. ਮਾਰਕਫੈੱਡ ਸ੍ਰੀ ਵਰੁਣ ਰੂਜਮ ਤੋਂ ਇਲਾਵਾ ਓ.ਐਸ.ਡੀ. (ਐਫ) ਮਾਰਕਫੈੱਡ ਸ੍ਰੀ ਗਗਨ ਵਾਲੀਆ ਵੀ ਹਾਜ਼ਰ ਸਨ।

FacebookTwitterEmailWhatsAppTelegramShare
Exit mobile version