ਛੋਟਾ ਘੱਲੂਘਾਰਾ ਸਮਾਰਕ ਵਿਖੇ ਸ਼ੀ ਹਰਮੰਦਿਰ ਸਾਹਿਬ ਤੋਂ ਸਵੇਰ ਅਤੇ ਸ਼ਾਮ ਨੂੰ ਗੁਰਬਾਣੀ ਦਾ ਲਾਈਵ ਕੀਰਤਨ ਸ਼ੁਰੂ ਕਰਨ ਲਈ ਸਮਾਰਕ ਵਿਚ ਓਪਨ ਸਾਊਂਡ ਸਿਸਟਮ ਲਗਾਇਆ, ਗੁਰਦਾਸਪੁਰ ਜਿਲੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੇ ਮੰਤਵ ਨਾਲ ਚਲ ਰਿਹਾ ਹੈ ਕੰਮ

ਡਿਪਟੀ ਕਮਿਸ਼ਨਰ ਵਲੋਂ ਛੋਟਾ ਘੱਲੂਘਾਰਾ ਸਮਾਰਕ ਵਿਖੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 11 ਜੂਨ ( ਮੰਨਨ ਸੈਣੀ) ।ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਛੋਟਾ ਘੱਲੂਘਾਰਾ ਸਮਾਰਕ , ਕਾਹਨੂੰਵਾਨ ਵਿਖੇ ਵਿਕਾਸ ਕਾਰਜਾਂ ਦੇ ਸਬੰਧ ਵਿਚ ਮੀਟਿੰਗ ਕਰਦਿਆਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਰਕ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੰਮ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਸ. ਤੇਜਿੰਦਰਪਾਲ ਸਿੰਘ ਸੰਧੂ ਜਨਰਲ ਸਕੱਤਰ, ਜਿਲਾ ਹੈਰੀਟੇਜ ਸੁਸਾਇਟੀ (ਸਾਬਕਾ ਵਧੀਕ ਡਿਪਟੀ ਕਮਿਸਨਰ ਗੁਰਦਾਸਪੁਰ) ਵੀ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਨ ਤੇ ਪਵਿੱਤਰ ਧਰਤੀ ਛੋਟਾ ਘੱਲੂਘਾਰਾ ਜਿਥੇ 1746 ਵਿਚ ਮੁਗਲ ਫੋਜ਼ਾਂ ਵਲੋਂ 11000 ਦੇ ਕਰੀਬ ਸਿੰਘ, ਸਿੰਘਣੀਆਂ ਤੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਵਿਖੇ ਸੈਲਾਨੀ ਵੱਧ ਤੋਂ ਵੱਧ ਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਮਾਰਕ ਦੇ ਸੁੰਦਰੀਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਉਨਾਂ ਅੱਗੇ ਦੱਸਿਆ ਕਿ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਵਿਖੇ ਸ੍ਰੀ ਹਰਮੰਦਿਰ ਸਾਹਿਬ ਤੋਂ ਸਵੇਰ ਅਤੇ ਸ਼ਾਮ ਨੂੰ ਗੁਰਬਾਣੀ ਦਾ ਲਾਈਵ ਕੀਰਤਨ ਸ਼ੁਰੂ ਕਰਨ ਲਈ ਸਮਾਰਕ ਵਿਚ ਓਪਨ ਸਾਊਂਡ ਸਿਸਟਮ ਲਗਾਇਆ ਗਿਆ ਹੈ। ਸ਼ਰਧਾਲੂਆਂ ਲਈ ਪ੍ਰੋਜੈਕਟਰ ਲਗਾਇਆ ਗਿਆ ਹੈ, ਜਿਸ ਵਿਚ ਛੋਟਾ ਘੱਲੂਘਾਰਾ ਯੁੱਧ ਦੀ ਫਿਲਮ ਦਿਖਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਸਮਾਰਕ ਦੀ ਸੁੰਦਰਤਾ ਲਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂ ਵੱਧ ਤੋਂ ਵੱਧ ਇਥੇ ਆਉਣ। 

ਮੀਟਿੰਗ ਦੌਰਾਨ ਉਨਾਂ ਸਮਾਰਕ ਵਿਖੇ ਸੈਲਾਨੀਆਂ ਲਈ ਛੋਟਾ ਘੱਲੂਘਾਰਾ ਦੇ ਸਬੰਧ ਵਿਚ ਵੀਡੀਓ ਰੂਮ ਬਣਾਉਣ, ਸੜਕਾਂ ਅਤੇ ਪੌਦੇ ਲਗਾਉਣ ਸਮੇਤ ਵੱਖ-ਵੱਖ ਵਿਕਾਸ ਕਾਰਜ ਤੇਜੀ ਨਾਲ ਮੁਕੰਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨਾਂ ਅੱਗੇ ਕਿਹਾ ਕਿ ਗੁਰਦਾਸਪੁਰ ਜਿਲੇ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੇ ਮੰਤਵ ਨਾਲ ਜਿਲੇ ਦੀਆਂ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ ਯਤਨ ਕੀਤੇ ਗਏ ਹਨ ਅਤੇ ਸ੍ਰੀ ਅਚਲੇਸ਼ਵਰ ਧਾਮ ਵਿਖੇ ਸੰਗਤਾਂ ਦੀ ਸਹੂਲਤ ਲਈ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

                        ਇਸ ਮੌਕੇ ਨਿਰਮਲ ਸਿੰਘ ਐਸ.ਡੀ.ਓ ਪੀ.ਡਬਲਿਊ.ਡੀ, ਹਰਮਨਪ੍ਰੀਤ ਸਿੰਘ ਜਾਇੰਟ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਦਮਨਜੀਤ ਸਿੰਘ ਰਿਸ਼ਪੈਨਿਸ਼ਟ –ਕਮ-ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਤੇਜਿੰਦਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ, ਨਵਦੀਪ ਸਿੰਘ ਬਾਗਬਾਨੀ ਅਫਸਰ, ਸ੍ਰੀਮਤੀ ਮਨਦੀਪ ਕੌਰ ਅਤੇ ਆਪਰੇਸ਼ਨ ਐਂਡ ਮੈਟੀਨੈਸ ਸੁਸਾਇਟੀ ਘੱਲੂਘਾਰਾ ਦੇ ਮੈਂਬਰ ਹਾਜ਼ਰ ਸਨ।

FacebookTwitterEmailWhatsAppTelegramShare
Exit mobile version