ਜਦੋਂ ਤੱਕ ਮੈਂ ਇੱਥੇ ਹਾਂ, ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ-ਕੈਪਟਨ ਅਮਰਿੰਦਰ ਸਿੰਘ ਦਾ ਅਹਿਦ


ਚੰਡੀਗੜ, 18 ਮਾਰਚ। ਅਕਤੂਬਰ, 2020 ਵਿੱਚ ਕਿਸਾਨਾਂ ਦਾ ਅੰਦੋਲਨ ਭਖ ਜਾਣ ਦੇ ਸਮੇਂ ਤੋਂ ਸਰਹੱਦ ਪਾਰੋਂ ਡਰੋਨਾਂ ਦੀ ਹਲਚਲ ਵਿੱਚ ਤੇਜ਼ੀ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ,‘‘ਜਦੋਂ ਤੱਕ ਮੈਂ ਇੱਥੇ ਹਾਂ, ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਜਾਂ ਹੋਰ ਕਿਸੇ ਅੱਤਵਾਦੀ ਗਤੀਵਿਧੀ ਨੂੰ ਸੂਬੇ ਦੇ ਅਮਨ-ਚੈਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗਾ।’’

ਕੌਮੀ ਸੁਰੱਖਿਆ ਦੇ ਖ਼ਤਰੇ ਦੀ ਧਾਰਨਾ ਨੂੰ ਹਕੀਕਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਇਸ ਗੰਭੀਰ ਮੁੱਦੇ ’ਤੇ ਵਿਚਾਰ ਕਰਨ ਲਈ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨਾਂ ਨੂੰ ਦੱਸਿਆ ਸੀ ਕਿ ਕੇਂਦਰੀ ਬਲਾਂ ਨੂੰ ਡਰੋਨ ਲੱਭਣ ਅਤੇ ਡੇਗਣ ਲਈ ਢੁਕਵਾਂ ਸਾਜ਼ੋ-ਸਾਮਾਨ ਮੁਹੱਈਆ ਕਿਉਂ ਨਹੀਂ ਕਰਵਾਇਆ ਜਾ ਸਕਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਖਾਲਿਸਤਾਨੀ ਸਫ਼ਾਂ ਸਰਗਰਮ ਨਹੀਂ ਹਨ ਪਰ ਉਨਾਂ ਨੂੰ ਡਰੋਨਾਂ ਜ਼ਰੀਏ ਹਥਿਆਰ ਦਿੱਤੇ ਜਾ ਰਹੇ ਹਨ ਤਾਂ ਕਿ ਉਨਾਂ ਨੂੰ ਗੜਬੜ ਪੈਦਾ ਕਰਨ ਲਈ ਸਰਗਰਮ ਕੀਤਾ ਜਾ ਸਕੇ। ਉਨਾਂ ਨੇ ਇਸ ਲਹਿਰ ਦਾ ਲੱਕ ਤੋੜ ਦੇਣ ਦਾ ਅਹਿਦ ਲਿਆ।

ਆਪਣੀ ਸਰਕਾਰ ਦੇ ਚਾਰ ਵਰੇ ਪੂਰੇ ਕਰ ਲੈਣ ’ਤੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਹੱਦ ’ਤੇ ਕਿਸੇ ਤਰਾਂ ਦੀ ਸੰਨ ਦਾ ਮਤਲਬ ਕੌਮੀ ਸੁਰੱਖਿਆ ਵਿੱਚ ਸੰਨ ਹੈ। ਉਨਾਂ ਕਿਹਾ ਕਿ ਭਾਵੇਂ ਸਰਹੱਦ ਨੇੜਿਓਂ ਵੱਡੀ ਗਿਣਤੀ ਵਿੱਚ ਹਥਿਆਰ ਫੜੇ ਗਏ ਹਨ ਪਰ ਚਿੰਤਾ ਉਨਾਂ ਹਥਿਆਰਾਂ ਬਾਰੇ ਹੈ, ਜੋ ਫੜੇ ਨਹੀਂ ਗਏ। ਉਨਾਂ ਕਿਹਾ,‘‘ਮੈਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਉਹ ਹਥਿਆਰ ਗਏ ਕਿੱਥੇ।’’

ਮਾਰਚ, 2017 ਵਿੱਚ ਉਨਾਂ ਦੀ ਸਰਕਾਰ ਆਉਣ ਤੋਂ ਲੈ ਕੇ ਗਿ੍ਰਫਤਾਰੀਆਂ ਅਤੇ ਬਰਾਮਦਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ 333 ਗ੍ਰੋਹ ਫੜੇ ਗਏ ਜਦਕਿ 3472 ਅੱਤਵਾਦੀ/ਗੈਂਗਸਟਰ ਗਿ੍ਰਫਤਾਰ ਕੀਤੇ ਗਏ। ਉਨਾਂ ਦੱਸਿਆ ਕਿ 10 ਡਰੋਨ ਚੁੱਕੇ ਗਏ ਹਨ ਅਤੇ ਇਸ ਤੋਂ ਇਲਾਵਾ 2000 ਤੋਂ ਵੱਧ ਹਥਿਆਰ (ਰਾਈਫਲਾਂ, ਰਿਵਾਲਵਰ, ਪਿਸਤੌਲ ਆਦਿ ਸਮੇਤ), ਹੈਂਡ ਗ੍ਰਨੇਡ, ਆਰ.ਡੀ.ਐਕਸ. ਅਤੇ ਹੋਰ ਧਮਾਕਾਖੇਜ਼ ਸਮੱਗਰੀ, ਵਾਕੀ-ਟਾਕੀ ਅਤੇ ਸੈਟੇਲਾਈਟ ਫੋਨ ਬਰਾਮਦ ਕੀਤੇ ਗਏ। ਇਸੇ ਤਰਾਂ 11000 ਗੋਲੀ-ਸਿੱਕਾ ਜ਼ਬਤ ਕੀਤਾ ਗਿਆ। ਉਨਾਂ ਦੱਸਿਆ ਕਿ ਪੰਜਾਬ ਵਰਗੇ ਛੋਟੇ ਸੂਬੇ ਲਈ ਇਹ ਗਿਣਤੀ ਥੋੜੀ ਨਹੀਂ ਹੈ।

Exit mobile version