ਖੱਟਰ ਨਾਲ ਓਦੋਂ ਤੱਕ ਗੱਲ ਨਹੀਂ ਕਰਾਂਗਾ, ਜਦੋਂ ਤੱਕ ਮੇਰੇ ਕਿਸਾਨਾਂ ਉਤੇ ਜੁਲਮ ਢਾਹੁਣ ਲਈ ਮੁਆਫੀ ਨਹੀਂ ਮੰਗ ਲੈਂਦਾ-ਕੈਪਟਨ ਅਮਰਿੰਦਰ ਸਿੰਘ

captain amrinder singh

Ex CM Punjab Capt Amarinder Singh talking with media persons at Press Club in Chandigarh on Friday, July 29 2016. Express photo by Jasbir Malhi *** Local Caption *** Ex CM Punjab Capt Amarinder Singh talking with media persons at Press Club in Chandigarh on Friday, July 29 2016. Express photo by Jasbir Malhi

ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲਾਉਣ ‘ਤੇ ਖੱਟਰ ਉਤੇ ਵਰ੍ਹੇ ਮੁੱਖ ਮੰਤਰੀ

ਕਿਸਾਨਾਂ ਦੇ ਸੰਘਰਸ਼ ਪਿੱਛੇ ਕੋਈ ਸਿਆਸੀ ਪਾਰਟੀ ਨਹੀਂ, ਅੰਦੋਲਨ ਕਿਸਾਨਾਂ ਦਾ ਸੁਭਾਵਿਕ ਪ੍ਰਤੀਕਰਮ

ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਪੈਦਾ ਹੋਈ ਪੇਚੀਦਾ ਸਥਿਤੀ ਨੂੰ ਸੁਲਝਾਉਣ ਲਈ ਕੇਂਦਰ ਸਰਕਾਰ ਦੇ ਯਤਨਾਂ ਵਿੱਚ ਸ਼ਾਮਲ ਲਈ ਤਿਆਰ ਹਾਂ, ਹਰ ਹਾਲ ਚਾਹੁੰਦਾ ਹਾਂ ਅਮਨ-ਸ਼ਾਂਤੀ

ਚੰਡੀਗੜ੍ਹ, 28 ਨਵੰਬਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਉਤੇ ਜੁਲਮ ਢਾਹੁਣ ਲਈ ਹਰਿਆਣਾ ਵਿੱਚ ਆਪਣੇ ਹਮਰੁਤਬਾ ਨੂੰ ਕਰੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ ਉਤੇ ਮੁਆਫੀ ਮੰਗਣ ਲਈ ਆਖਿਆ। ਉਹਨਾਂ ਨੇ ਖੱਟਰ ਉਤੇ ਝੂਠ ਫੈਲਾਉਣ ਅਤੇ ਉਸ ਮਸਲੇ ਵਿੱਚ ਟੰਗ ਅੜਾਉਣ ਦਾ ਦੋਸ਼ ਲਾਇਆ ਜਿਸ ਦਾ ਉਹਨਾਂ ਦੇ ਸੂਬੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ।

ਮੀਡੀਆ ਨਾਲ ਲੜੀਵਾਰ ਮੁਲਾਕਾਤਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਖੱਟਰ ਇਹ ਝੂਠ ਬੋਲ ਰਿਹਾ ਹੈ ਕਿ ਉਸ ਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਜਵਾਬ ਨਹੀਂ ਦਿੱਤਾ। ਪਰ ਹੁਣ ਉਸ ਨੇ ਮੇਰੇ ਕਿਸਾਨਾਂ ਨਾਲ ਜੋ ਕੁਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਨੀ, ਚਾਹੇ 10 ਵਾਰ ਕੋਸ਼ਿਸ਼ ਕਰਕੇ ਦੇਖ ਲਵੇ। ਜਦੋਂ ਤੱਕ ਖੱਟਰ ਮੁਆਫੀ ਨਹੀਂ ਮੰਗਦਾ ਅਤੇ ਇਹ ਨਹੀਂ ਮੰਨ ਲੈਂਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਗਲਤ ਕੀਤਾ, ਮੈਂ ਉਸ ਨੂੰ ਮੁਆਫ ਨਹੀਂ ਕਰਾਂਗਾ।“ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਉਪਰ ਅੱਥਰੂ ਗੈਸ ਛੱਡਣ ਅਤੇ ਲਾਠੀਚਾਰਜ ਕਰਨ ਅਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਜਿਸ ਕਰਕੇ ਉਹਨਾਂ ਵੱਲੋਂ ਖੱਟਰ ਨਾਲ ਗੱਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ, ਚਾਹੇ ਉਹ ਗੁਆਂਢੀ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਈ ਵਾਰ ਗੱਲ ਕਰ ਸਕਦੇ ਹਨ ਤਾਂ ਉਹ ਆਪਣੇ ਗੁਆਂਢੀ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਪਿੱਛੇ ਕਿਉਂ ਹਟਦੇ, ਜੇਕਰ ਖੱਟਰ ਨੇ ਸੱਚਮੁੱਚ ਹੀ ਰਾਬਤਾ ਕਾਇਮ ਕੀਤਾ ਹੁੰਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਸ਼ਾਂਤਮਈ ਢੰਗ ਨਾਲ ਜਾਣ ਦੇਣ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਇੱਥੋਂ ਤੱਕ ਕਿ ਦਿੱਲੀ ਸਰਕਾਰ ਨੂੰ ਉਹਨਾਂ ਦੇ ਆਉਣ ਉਤੇ ਕੋਈ ਇਤਰਾਜ਼ ਨਹੀਂ ਹੈ ਤਾਂ ਇਹਨਾਂ ਵਿਚਕਾਰ ਟੰਗ ਅੜਾਉਣ ਵਾਲਾ ਖੱਟਰ ਕੌਣ ਹੁੰਦਾ? ਸਮੁੱਚੇ ਮਸਲੇ ਵਿੱਚ ਦਖ਼ਲਅੰਦਾਜੀ ਕਰਨ ਨਾਲ ਖੱਟਰ ਦਾ ਕੀ ਲੈਣਾ-ਦੇਣਾ ਹੈ। ਗੁੱਸੇ ਨਾਲ ਭਰੇ ਕੈਪਟਨ ਅਮਰਿੰਦਰ ਸਿੰਘ ਨੇ ਬੇਹੂਦਾ ਦੋਸ਼ ਲਾਉਣ ਉਤੇ ਖੱਟਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਹ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਉਕਸਾ ਕੇ ਅੰਦੋਲਨ ਲਈ ਭੜਕਾ ਰਿਹਾ ਹੈ। ਉਹਨਾਂ ਕਿਹਾ,”ਮੈਂ ਧੁਰ ਅੰਦਰੋਂ ਰਾਸ਼ਟਰਵਾਦੀ ਹਾਂ, ਮੈਂ ਸਰਹੱਦੀ ਸੂਬਾ ਚਲਾਉਂਦਾ ਹਾਂ ਅਤੇ ਅਜਿਹਾ ਕੁਝ ਕਦੇ ਵੀ ਨਹੀਂ ਕੀਤਾ ਕਿ ਜਿਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਲਈ ਮੁਸ਼ਕਲ ਪੈਦਾ ਹੁੰਦੀ ਹੋਵੇ।“ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੇ ਪਿਛਲੇ 60 ਦਿਨਾਂ ਤੋਂ ਬਿਨਾਂ ਕਿਸੇ ਸਮੱਸਿਆ ਤੋਂ ਸੂਬੇ ਦੇ ਰੇਲ ਟਰੈਕ ਰੋਕੇ ਜਿਸ ਨਾਲ ਸੂਬੇ ਨੂੰ 43000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿਣਾ ਪਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਂ ਖੱਟਰ ਦੀਆਂ ਬੇਤੁੱਕੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇਵਾਂਗਾ। ਕੀ ਮੇਰੇ ਕੋਲ ਕਿਸਾਨਾਂ ਨੂੰ ਭੜਕਾਉਣ ਤੋਂ ਇਲਾਵਾ ਕੋਈ ਹੋਰ ਚੰਗਾ ਕੰਮ ਕਰਨ ਲਈ ਨਹੀਂ ਹੈ?” ਕਈ ਵਾਰ ਉਹ ਕਹਿੰਦੇ ਹਨ ਕਿ ਇਹ ਖਾਲਿਸਤਾਨੀ ਹਨ ਜੋ ਰੋਸ ਪ੍ਰਦਰਸ਼ਨ ਕਰਾ ਰਹੇ ਹਨ ਅਤੇ ਕਈ ਵਾਰ ਪ੍ਰਦਰਸ਼ਨਾਂ ਲਈ ਮੇਰੇ ਉਤੇ ਦੋਸ਼ ਲਾਉਂਦੇ ਹਨ। ਉਹਨਾਂ ਨੂੰ ਆਪਣਾ ਫੈਸਲਾ ਕਰ ਲੈਣ ਦਿਓ।“ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ ਸਗੋਂ ਇਹ ਕਿਸਾਨਂ ਦਾ ਸੁਭਾਵਿਕ ਪ੍ਰਤੀਕਰਮ ਹੈ ਜੋ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ। ਕਿਸਾਨਾਂ ਉਪਰ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਕਰਨ ਦੇ ਦੋਸ਼ ਲਾਉਣ ਲਈ ਖੱਟਰ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਕਾਨੂੰਨ ਦਾ ਪਾਲਣ ਕਰਨ ਵਾਲੇ ਨਾਗਰਿਕ ਹਨ ਅਤੇ ਦੂਜੇ ਪਾਸੇ ਹਰਿਆਣਾ ਹੈ ਜਿਸ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਕਿਸਾਨਾਂ ਨੂੰ ਜਬਰੀ ਰੋਕਣ ਲਈ ਕੌਮੀ ਮਾਰਗ ਉਤੇ ਅੜਿੱਕੇ ਖੜ੍ਹੇ ਕੀਤੇ।

ਖੱਟਰ ਦੇ ਦਾਅਵੇ ਕਿ ਹਰਿਆਣਾ ਦੇ ਕਿਸਾਨ ਦਿੱਲੀ ਚੱਲੋ ਅੰਦੋਲਨ ਦਾ ਹਿੱਸਾ ਨਹੀਂ ਸਨ, ਨੂੰ ਹਾਸੋਹੀਣਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੁਫ਼ੀਆ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਗੁਆਂਢੀ ਰਾਜ ਦੇ ਤਕਰੀਬਨ 40000-50000 ਕਿਸਾਨ ਕੌਮੀ ਰਾਜਧਾਨੀ ਵੱਲ ਮਾਰਚ `ਚ ਸ਼ਾਮਲ ਹੋਏ ਜਿਸ ਬਾਰੇ ਕੇਂਦਰ ਦੀਆਂ ਖੁਫੀਆ ਰਿਪੋਰਟਾਂ ਵਿੱਚ ਵੀ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ “ਉਹ (ਖੱਟਰ) ਨਹੀਂ ਜਾਣਦੇ ਕਿ ਉਨ੍ਹਾਂ ਦੇ ਆਪਣੇ ਰਾਜ ਵਿਚ ਕੀ ਹੋ ਰਿਹਾ ਹੈ ਅਤੇ ਉਹ ਮੈਨੂੰ ਦੱਸ ਰਹੇ ਹਨ ਕਿ ਮੈਂ ਆਪਣੇ ਸੂਬੇ ਵਿੱਚ ਕੀ ਕਰਨਾ ਹੈ!”

ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਰੋਸ ਕਰਨ ਅਤੇ ਆਪਣੀ ਗੱਲ ਰੱਖਣ ਦੇ ਨਾਲ-ਨਾਲ ਆਪਣਾ ਗੁੱਸਾ ਅਤੇ ਭਾਵਨਾਵਾਂ ਜ਼ਾਹਰ ਕਰਨ ਲਈ ਆਪਣੀ ਖੁਦ ਦੀ ਕੌਮੀ ਰਾਜਧਾਨੀ ਵਿੱਚ ਜਾਣ ਦਾ ਪੂਰਾ ਹੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਜਾਣਦੇ ਹਨ ਕਿ ਕਿਸਾਨ ਕੀ ਮਹਿਸੂਸ ਕਰ ਰਹੇ ਹਨ, ਇਸੇ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਸੂਬੇ ਚੋਂ ਬਾਹਰ ਮਾਰਚ ਕਰਨ ਜਾਣ ਅਤੇ ਰੇਲਵੇ ਟਰੈਕਾਂਤੇ ਬੈਠਣ ਤੋਂ ਨਹੀਂ ਰੋਕਿਆ। ਇਹ ਦੱਸਦਿਆਂ ਕਿ ਕਿਸਾਨਾਂ ਨੇ ਕਈ ਦਿਨ ਪਹਿਲਾਂ ਇੱਥੋਂ ਤੱਕ ਕਿ ਰੇਲ ਨਾਕਾਬੰਦੀ ਹਟਾਉਣ ਤੋਂ ਪਹਿਲਾਂ ਹੀ ਦਿੱਲੀ ਜਾਣ ਦਾ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਵਿੱਚ ਕਿਵੇਂ ਪੈ ਸਕਦੇ ਸਨ?

ਮੁੱਖ ਮੰਤਰੀ ਨੇ ਟਿੱਪਣੀ ਕੀਤੀ “ਅੰਦੋਲਨਕਾਰੀ ਕਿਸਾਨ, ਜਿਸ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹਨ, ਆਪਣੇ ਦਿਲੋਂ ਬੋਲ ਰਹੇ ਹਨ, ਉਹ ਆਪਣੇ ਦਿਲ ਦੀ ਆਵਾਜ਼ ਸੁਣ ਰਹੇ ਹਨ। ਇਹ ਉਨ੍ਹਾਂ ਦੇ ਭਵਿੱਖ, ਉਨ੍ਹਾਂ ਦੇ ਜੀਵਨ ਦਾ ਸਵਾਲ ਹੈ, ਉਹ ਖੇਤੀ ਬਿੱਲਾਂ `ਤੇ ਨਾਰਾਜ਼ ਹਨ ਜੋ ਮੰਡੀਆਂ ਅਤੇ ਆੜ੍ਹਤੀਆ ਦੀ 100 ਸਾਲ ਪੁਰਾਣੀ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਹਨ।” ਉਨ੍ਹਾਂ ਅੱਗੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੇ ਪਿੱਛੇ ਹੋਣ ਸਬੰਧੀ ਬੇਬੁਨਿਆਦ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਨਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸਾਨ ਸਿਰਫ਼ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਨ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਹਨ, ਇਸ ਲਈ ਕੋਈ ਕਿਵੇਂ ਉਨ੍ਹਾਂ ਨੂੰ ਰੋਕ ਸਕਦਾ ਹੈ।

ਇਹ ਐਲਾਨ ਕਰਦਿਆਂ ਕਿ ਕੋਈ ਵੀ ਕਾਰਪੋਰੇਟ ਘਰਾਣਿਆਂ ਨੂੰ ਖੇਤੀਬਾੜੀ ਮੰਡੀਕਰਨ ਪ੍ਰਣਾਲੀ ਵਿੱਚ ਆਉਣ ਤੋਂ ਨਹੀਂ ਰੋਕ ਰਿਹਾ, ਮੁੱਖ ਮੰਤਰੀ ਨੇ ਕਿਹਾ ਕਿ ਉਹ ਹੁਣ ਵੀ ਪੰਜਾਬ ਵਿੱਚ ਖਰੀਦ ਕਰ ਰਹੇ ਹਨ ਅਤੇ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਮੌਜੂਦਾ ਪ੍ਰਣਾਲੀ ਨੂੰ ਜਾਰੀ ਰੱਖਦੇ ਹੋਏ ਅਜਿਹਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਮਸਲੇ ਦਾ ਨਿਪਟਾਰਾ ਹੋਵੇ ਅਤੇ ਟਕਰਾਅ ਖਤਮ ਹੋ ਜਾਵੇ ਅਤੇ ਉਹ ਮਸਲੇ ਦੇ ਹੱਲ ਲਈ ਜੋ ਸਹਾਇਤਾ ਕਰ ਸਕਦੇ ਹਨ, ਉਹ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ `ਤੇ ਬਣੀ ਪੇਚੀਦਗੀ ਨੂੰ ਖ਼ਤਮ ਕਰਨ ਲਈ ਕਿਸੇ ਵੀ ਕੋਸ਼ਿਸ਼ ਦੀ ਹਮਾਇਤ ਕਰਨ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਲੱਭਣਾ ਪਏਗਾ। ਉਨ੍ਹਾਂ ਕਿਹਾ, “ਜੇਕਰ ਭਾਰਤ ਸਰਕਾਰ ਇਸ ਮੁੱਦੇ ਦੇ ਹੱਲ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਬਣਨ ਲਈ ਕਹਿੰਦੀ ਹੈ ਤਾਂ ਅਸੀਂ ਜ਼ਰੂਰ ਜਾਵਾਂਗੇ।” ਉਨ੍ਹਾਂ ਅੱਗੇ ਕਿਹਾ “ਮੇਰਾ ਉਦੇਸ਼ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਹੈ।“ ਕੈਪਟਨ ਅਮਰਿੰਦਰ ਨੇ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲਈ ਕੇਂਦਰ ਨੂੰ ਖ਼ੁਰਾਕ ਸੁਰੱਖਿਆ ਐਕਟ ਵਿਚ ਸੋਧ ਕਰਨੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਰਾਜਪਾਲ ਸੂਬੇ ਵੱਲੋਂ ਪਾਸ ਕੀਤੇ ਸੋਧਾਂ ਬਿੱਲਾਂ ਨੂੰ ਅੱਗੇ ਰਾਸ਼ਟਰਪਤੀ ਕੋਲ ਭੇਜਣ ਦੀ ਬਜਾਏ ਬਿੱਲਾਂ ਨੂੰ ਲੈ ਕੇ ਬੈਠੇ ਹੋਏ ਹਨ।

Exit mobile version