Close

Recent Posts

ਪੰਜਾਬ

ਸ਼੍ਰੋਮਣੀ ਅਕਾਲੀ ਦਲ ਪਿੰਡ-ਪਿੰਡ ਦਿਖਾਏਗਾ ਫ਼ਿਲਮ “ਸਤਲੁਜ”: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਪਿੰਡ-ਪਿੰਡ ਦਿਖਾਏਗਾ ਫ਼ਿਲਮ “ਸਤਲੁਜ”: ਸੁਖਬੀਰ ਬਾਦਲ
  • PublishedJuly 8, 2026

ਚੰਡੀਗੜ੍ਹ, 8 ਜੁਲਾਈ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਤੇ ਸਿੱਖ ਸਖਸ਼ੀਅਤਾਂ ਉੱਤੇ ਕਾਂਗਰਸ ਸਰਕਾਰ ਦੌਰਾਨ ਢਾਏ ਗਏ ਅਣਮਨੁੱਖੀ ਤਸ਼ੱਦਦ ਅਤੇ ਉਹਨਾਂ ਦੀ ਕੁਰਬਾਨੀ ਸਬੰਧੀ ਬਣੀ ਫ਼ਿਲਮ “ਸਤਲੁਜ” ਨੂੰ ਪੰਜਾਬ ਦੇ ਪਿੰਡ-ਪਿੰਡ ਤੇ ਕੋਨੇ-ਕੋਨੇ ਵਿੱਚ ਦਿਖਾਵੇਗੀ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੌਮ ਉੱਤੇ ਢਾਏ ਗਏ ਜ਼ੁਲਮ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ।

ਪਾਰਟੀ ਪ੍ਰਧਾਨ ਅਨੁਸਾਰ ਇਹ ਫ਼ਿਲਮ ਉਸ ਦਰਦਨਾਕ ਦੌਰ ਦੀ ਸਚਾਈ ਬਿਆਨ ਕਰਦੀ ਹੈ ਜੋ ਕਾਂਗਰਸ ਪਾਰਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਫ਼ੌਜੀ ਹਮਲੇ ਅਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਨਿਹੱਥੇ ਬੇਗੁਨਾਹ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕੋਹ-ਕੋਹ ਕੇ ਜਿਉਂਦਿਆਂ ਸਾੜਨ ਮਗਰੋਂ ਵੀ ਨਹੀਂ ਰੁਕੀ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਇਸੇ ਦਿਲ ਕੰਬਾਊ ਸਾਕੇ ਵਿਰੁੱਧ ਪੰਜਾਬ ਵਿੱਚ ਰੋਸ ਪ੍ਰਗਟ ਕਰਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਸੀ।

ਉਹਨਾਂ ਦੋਸ਼ ਲਾਇਆ ਕਿ ਹੁਣ ਉਸ ਦਰਦਨਾਕ ਸਾਕੇ ਦਾ ਇਤਿਹਾਸ ਦੱਸਣ ਤੋਂ ਵੀ ਕੌਮ ਨੂੰ ਵਾਂਝਾ ਕੀਤਾ ਜਾ ਰਿਹਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗਾ।

Written By
The Punjab Wire