1808 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 56 ਗੈਂਗਸਟਰ ਸਾਥੀ ਗ੍ਰਿਫ਼ਤਾਰ, 1.04 ਕਿਲੋ ਹੈਰੋਇਨ ਬਰਾਮਦ
ਗੁਰਦਾਸਪੁਰ, 6 ਜੁਲਾਈ 2026 (ਮੰਨਨ ਸੈਣੀ)। ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖਿਲਾਫ਼ ਬਾਰਡਰ ਰੇਂਜ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਵਿਸ਼ੇਸ਼ ਮੁਹਿੰਮ “ਪ੍ਰਹਾਰ 3.0” ਚਲਾਈ ਗਈ। ਮਾਣਯੋਗ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਬਾਰਡਰ ਰੇਂਜ ਦੀ ਨਿਗਰਾਨੀ ਹੇਠ 5 ਅਤੇ 6 ਜੁਲਾਈ ਨੂੰ ਬਾਰਡਰ ਰੇਂਜ ਦੇ ਜ਼ਿਲ੍ਹਿਆਂ ਵਿੱਚ 1808 ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਇਹ ਵਿਸ਼ੇਸ਼ ਆਪਰੇਸ਼ਨ ਚਲਾਇਆ ਗਿਆ, ਜਿਸ ਦੀ ਅਗਵਾਈ ਸਬੰਧਤ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵੱਲੋਂ ਕੀਤੀ ਗਈ।

ਹਾਈ-ਟੈਕ ਨਾਕਾ ਬਿਆਸ ਦਾ ਨਿਰੀਖਣ
ਇਸ ਮੁਹਿੰਮ ਦਾ ਮੁੱਖ ਮਕਸਦ ਨਸ਼ਾ ਤਸਕਰੀ, ਗੈਂਗਸਟਰ ਨੈੱਟਵਰਕ ਅਤੇ ਸੰਗਠਿਤ ਅਪਰਾਧ ‘ਤੇ ਸਖ਼ਤ ਕਾਰਵਾਈ ਕਰਦਿਆਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸੀ। ਮੁਹਿੰਮ ਦੌਰਾਨ ਵਿਸ਼ੇਸ਼ ਤੌਰ ‘ਤੇ ਹਾਈ-ਟੈਕ ਨਾਕਾ ਬਿਆਸ ਦਾ ਨਿਰੀਖਣ ਕੀਤਾ ਗਿਆ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੈਕਿੰਗ, ਚੌਕਸੀ, ਸੁਰੱਖਿਆ ਪ੍ਰਬੰਧਾਂ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਡੀ.ਆਈ.ਜੀ. ਬਾਰਡਰ ਰੇਂਜ ਨੇ ਕੀ ਕਿਹਾ
ਇਸ ਮੌਕੇ ਡੀ.ਆਈ.ਜੀ. ਬਾਰਡਰ ਰੇਂਜ ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ. ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਮੁਹਿੰਮ ਅਨੁਸਾਰ ਪੰਜਾਬ ਨੂੰ ਨਸ਼ਾ-ਮੁਕਤ ਅਤੇ ਅਪਰਾਧ-ਮੁਕਤ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਹਰੇਕ ਮੁਲਜ਼ਮ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਮੁਹਿੰਮ ਦੌਰਾਨ ਹੋਈ ਬਰਾਮਦਗੀ ਅਤੇ ਕਾਰਵਾਈ ਦਾ ਵੇਰਵਾ
- ਛਾਪੇ ਮਾਰੇ ਗਏ: 151
- ਪਿਸਤੌਲ ਬਰਾਮਦ: 4 (7 ਕਾਰਤੂਸ)
- ਹੈਰੋਇਨ ਬਰਾਮਦ: 1.04 ਕਿਲੋਗ੍ਰਾਮ
- ਨਾਜਾਇਜ਼ ਸ਼ਰਾਬ ਬਰਾਮਦ: 2,32,180 ਮਿਲੀਲੀਟਰ
- ਰੋਕਥਾਮ ਕਾਰਵਾਈਆਂ: 176
- ਗੈਂਗਸਟਰ ਸਾਥੀ ਗ੍ਰਿਫ਼ਤਾਰ: 56
- ਸੰਗੀਨ ਅਪਰਾਧ ਮਾਮਲਿਆਂ ਦੇ ਮੁਲਜ਼ਮ ਗ੍ਰਿਫ਼ਤਾਰ: 89
- ਵਾਹਨਾਂ ਦੀ ਚੈਕਿੰਗ: 2550
- ਵਾਹਨਾਂ ਦੇ ਚਲਾਨ: 554
ਨਾਕਾਬੰਦੀ ਅਤੇ ਹੋਰ ਸੁਰੱਖਿਆ ਕਾਰਵਾਈਆਂ
- ਨਸ਼ਾ ਹਾਟਸਪਾਟ ਵਾਲੀਆਂ ਥਾਵਾਂ ‘ਤੇ 17 CASO ਆਪਰੇਸ਼ਨ ਕੀਤੇ ਗਏ
- VDC/WDC ਮੈਂਬਰਾਂ ਨਾਲ 11 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ
- 162 ਹੋਟਲਾਂ ਅਤੇ ਗੈਸਟ ਹਾਊਸਾਂ ਦੀ ਚੈਕਿੰਗ ਕੀਤੀ ਗਈ
- 104 ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਕੀਤੀ ਗਈ
- 40 ਨਸ਼ਾ ਹਾਟਸਪਾਟ ਚੈੱਕ ਕੀਤੇ ਗਏ ਅਤੇ 28 ਐਂਟੀ-ਡਰੱਗ ਛਾਪੇ ਮਾਰੇ ਗਏ
ਨਸ਼ਾ ਪੀੜਤਾਂ ਦੇ ਇਲਾਜ ਲਈ ਵੀ ਉਪਰਾਲਾ
- 34 ਨਸ਼ਾ ਪੀੜਤਾਂ ਨੂੰ OOAT ਸੈਂਟਰਾਂ ਰਾਹੀਂ ਇਲਾਜ ਮੁਹੱਈਆ ਕਰਵਾਇਆ ਗਿਆ।