Close

Recent Posts

ਗੁਰਦਾਸਪੁਰ

ਗੁਰਦਾਸਪੁਰ: ਦੁਖੀ ਅਧਿਆਪਕ ਨੇ ਨਹਿਰ ‘ਚ ਲਾਈ ਛਾਲ, ਗੋਤਾਖੋਰ ਭਾਲ ‘ਚ ਜੁਟੇ,

ਗੁਰਦਾਸਪੁਰ: ਦੁਖੀ ਅਧਿਆਪਕ ਨੇ ਨਹਿਰ ‘ਚ ਲਾਈ ਛਾਲ, ਗੋਤਾਖੋਰ ਭਾਲ ‘ਚ ਜੁਟੇ,
  • PublishedJuly 7, 2026

ਗੁਰਦਾਸਪੁਰ, 7 ਜੁਲਾਈ 2026 (ਮੰਨਨ ਸੈਣੀ)। ਡਿਊਟੀ ਤੋਂ ਕਥਿਤ ਤੌਰ ‘ਤੇ ਪ੍ਰੇਸ਼ਾਨ ਇੱਕ ਸਰਕਾਰੀ ਅਧਿਆਪਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਮਗਰੋਂ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਗੋਤਾਖੋਰ ਮੌਕੇ ‘ਤੇ ਪੁੱਜੇ ਅਤੇ ਅਧਿਆਪਕ ਦੀ ਭਾਲ ਜਾਰੀ ਹੈ। ਇਸ ਸੰਬੰਧੀ ਐਨਡੀਆਰਐਫ਼ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਰਹਿਆਂ ਹਨ। ਖ਼ਬਰ ਲਿਖੇ ਜਾਣ ਤੱਕ ਭਾਲ ਜਾਰੀ ਸੀ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿੱਚ ਤਾਇਨਾਤ ਅਧਿਆਪਕ ਗੁਰਪ੍ਰੀਤ ਸਿੰਘ ਨੇ ਮੰਗਲਵਾਰ ਸਵੇਰੇ ਭੱਟੀਆਂ ਪੁਲ ਨੇੜੇ ਆਪਣੀ ਕਾਰ ਖੜ੍ਹੀ ਕਰਨ ਮਗਰੋਂ ਨਹਿਰ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਹਾਲੇ ਤੱਕ ਛਾਲ ਮਾਰਨ ਦੇ ਸਪਸ਼ਟ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਉਸ ਦੇ ਅਧਿਆਪਕ ਸਾਥੀ ਮੌਕੇ ‘ਤੇ ਪੁੱਜ ਗਏ। ਦੱਸਿਆ ਜਾ ਰਿਹਾ ਹੈ ਕਿ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਅਧਿਆਪਕ ਨੇ ਆਪਣੇ ਇੱਕ ਸਾਥੀ ਅਧਿਆਪਕ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਨਹਿਰ ਵਿੱਚ ਕੁੱਦਣ ਜਾ ਰਿਹਾ ਹੈ। ਇਸ ਦੌਰਾਨ ਉਸ ਨੇ ਆਪਣੀ ਪ੍ਰੇਸ਼ਾਨੀ ਸਾਥੀ ਅਧਿਆਪਕਾਂ ਨੂੰ ਦੱਸੀ ਸੀ।

ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਫੋਨ ‘ਤੇ ਕਿਹਾ ਸੀ ਕਿ ਉਹ ਭੱਟੀਆਂ ਪਿੰਡ ਨੇੜੇ ਨਹਿਰ ਕੰਢੇ ਖੜ੍ਹਾ ਹੈ ਅਤੇ ਉਸ ਦੀ ਕਾਰ ਉੱਥੇ ਹੀ ਖੜ੍ਹੀ ਹੈ, ਜਿਸ ਵਿੱਚ ਉਸ ਦਾ ਸਾਰਾ ਸਾਮਾਨ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਗੁਰਪ੍ਰੀਤ ਸਿੰਘ ਨੇ ਡਿਊਟੀ ਨੂੰ ਲੈ ਕੇ ਆਪਣੀ ਪ੍ਰੇਸ਼ਾਨੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਇਸ ਕੰਮ ਦੇ ਦਬਾਅ ਤੋਂ ਬੇਹੱਦ ਪ੍ਰੇਸ਼ਾਨ ਹੈ। ਉਸ ਤੋਂ ਇਹ ਕੰਮ ਸਮੇਂ ਸਿਰ ਪੂਰਾ ਨਹੀਂ ਹੋ ਪਾ ਰਿਹਾ। ਉਧਰ ਇਸ ਸੰਬੰਧੀ ਸਰਪੰਚ ਕੌਸ਼ਲ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਛਾਲ ਮਾਰਨ ਦੇ ਕਾਰਨਾਂ ਦੀ ਕੁਝ ਵੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਐਨਡੀਆਰਐਫ਼ ਦੀਆਂ ਟੀਮਾਂ ਪਹੁੰਚ ਰਹਿਆਂ ਹਨ ਅਤੇ ਭਾਲ ਕੀਤੀ ਜਾ ਰਹੀ ਹੈ।

ਉੱਧਰ, ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਨ ਨੇ ਵੀ ਦੱਸਿਆ ਕਿ ਉਸ ਨੇ ਇੱਕ ਵਿਅਕਤੀ ਨੂੰ ਨਹਿਰ ਕੰਢੇ ਕਾਰ ਖੜ੍ਹੀ ਕਰਨ ਮਗਰੋਂ ਉੱਥੋਂ ਜਾਂਦੇ ਦੇਖਿਆ ਸੀ, ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਨਹਿਰ ਵਿੱਚ ਛਾਲ ਮਾਰਨ ਜਾ ਰਿਹਾ ਹੈ। ਫਿਲਹਾਲ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨਹਿਰ ਵਿੱਚ ਅਧਿਆਪਕ ਦੀ ਭਾਲ ਵਿੱਚ ਜੁਟੀ ਹੋਈ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Written By
The Punjab Wire