Close

Recent Posts

ਗੁਰਦਾਸਪੁਰ ਪੰਜਾਬ

ਪੁਰਾਣੀ ਰੰਜਿਸ਼ ਨੇ ਲਈ ਨੌਜਵਾਨ ਦੀ ਜਾਨ, ਛੇ ਖ਼ਿਲਾਫ਼ ਕਤਲ ਦਾ ਕੇਸ ਦਰਜ

ਪੁਰਾਣੀ ਰੰਜਿਸ਼ ਨੇ ਲਈ ਨੌਜਵਾਨ ਦੀ ਜਾਨ, ਛੇ ਖ਼ਿਲਾਫ਼ ਕਤਲ ਦਾ ਕੇਸ ਦਰਜ
  • PublishedJuly 7, 2026

ਜ਼ਖ਼ਮੀ ਨੌਜਵਾਨ ਨੇ ਇਲਾਜ ਦੌਰਾਨ ਤੋੜਿਆ ਦਮ; ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ

ਗੁਰਦਾਸਪੁਰ, 7 ਜੁਲਾਈ 2026 (ਮੰਨਨ ਸੈਣੀ)। ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਘੁੰਈਆ ਨੇੜੇ ਕਲਗੀਧਰ ਸਕੂਲ ਵਾਲੀ ਸੜਕ ‘ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 103, 190, 191(3) ਅਤੇ 61(2) ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਪਿੰਡ ਭੂੰਢੇਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਬਲਵਾਨ ਸਿੰਘ ਨੇ ਦੱਸਿਆ ਕਿ 4 ਜੁਲਾਈ ਦੀ ਸ਼ਾਮ ਕਰੀਬ 8 ਵਜੇ ਉਹ ਆਪਣੇ ਪਿਤਾ ਨਾਲ ਮੋਟਰਸਾਈਕਲ ‘ਤੇ ਗੁਰਦਾਸਪੁਰ ਤੋਂ ਪਿੰਡ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਨੇ ਦੇਖਿਆ ਕਿ ਉਸ ਦਾ ਭਰਾ ਰੋਹਿਤ ਸਿੰਘ, ਵਿਸ਼ਾਲ ਪੁੱਤਰ ਕਸ਼ਮੀਰ ਮਸੀਹ, ਸਾਹਿਲ ਪੁੱਤਰ ਕਸ਼ਮੀਰ ਮਸੀਹ ਅਤੇ ਗੁਰਜੰਟ ਸਿੰਘ ਪੁੱਤਰ ਮਲਕੀਤ ਸਿੰਘ ਦੀ ਤਾਨਿਸ਼ ਸ਼ਰਮਾ, ਪ੍ਰਾਂਸ਼ੂ ਸ਼ਰਮਾ, ਮਨਵੀਤ ਸਿੰਘ, ਗੁਰਸੇਵਕ ਸਿੰਘ ਅਤੇ ਜਤਿਨ ਨਾਲ ਪੁਰਾਣੀ ਰੰਜਿਸ਼ ਕਾਰਨ ਝੜਪ ਹੋ ਰਹੀ ਸੀ।

ਸ਼ਿਕਾਇਤ ਮੁਤਾਬਕ ਤਾਨਿਸ਼ ਸ਼ਰਮਾ ਨੇ ਕਿਰਪਾਨ ਨਾਲ ਰੋਹਿਤ ਸਿੰਘ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਹ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਪ੍ਰਾਂਸ਼ੂ ਸ਼ਰਮਾ ਨੇ ਕਿਰਪਾਨ ਨਾਲ ਵਿਸ਼ਾਲ ਦੇ ਮੋਢੇ ‘ਤੇ ਹਮਲਾ ਕੀਤਾ, ਜਦਕਿ ਗੁਰਸੇਵਕ ਸਿੰਘ ਨੇ ਦਾਤਰ ਨਾਲ ਸਾਹਿਲ ਦੇ ਖੱਬੇ ਹੱਥ ‘ਤੇ ਅਤੇ ਜਤਿਨ ਨੇ ਦਾਤਰ ਨਾਲ ਗੁਰਜੰਟ ਸਿੰਘ ਦੀ ਖੱਬੀ ਬਾਂਹ ‘ਤੇ ਵਾਰ ਕੀਤਾ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਮਨਵੀਤ ਸਿੰਘ ਨੇ ਜ਼ਮੀਨ ‘ਤੇ ਡਿੱਗੇ ਰੋਹਿਤ ਸਿੰਘ ਨੂੰ ਲੱਤਾਂ ਮਾਰੀਆਂ।

ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਹਮਲਾ ਵਿਸ਼ਾਲ ਠਾਕੁਰ ਵਾਸੀ ਭੂੰਢੇਵਾਲ, ਜੋ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ, ਦੀ ਕਥਿਤ ਹੱਲਾਸ਼ੇਰੀ ‘ਤੇ ਕੀਤਾ ਗਿਆ। ਸ਼ਿਕਾਇਤ ਅਨੁਸਾਰ ਗੁਰਜੰਟ ਸਿੰਘ ਅਤੇ ਵਿਸ਼ਾਲ ਠਾਕੁਰ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਵਿਸ਼ਾਲ ਠਾਕੁਰ ਵੱਲੋਂ ਵਿਦੇਸ਼ ਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਇਸੇ ਰੰਜਿਸ਼ ਦੇ ਚੱਲਦਿਆਂ ਉਕਤ ਹਮਲਾ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।

ਜ਼ਖ਼ਮੀ ਰੋਹਿਤ ਸਿੰਘ ਨੂੰ ਪਹਿਲਾਂ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕੀਤਾ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੱਗੇ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਉਸ ਦੀ ਸਿਹਤ ਹੋਰ ਵਿਗੜ ਗਈ। ਇਸ ਉਪਰੰਤ ਉਸ ਨੂੰ ਮੁੜ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਪੁਰਾਣਾ ਸ਼ਾਲਾ ਦੇ ਅਸਿਸਟੈਂਟ ਸਬ-ਇੰਸਪੈਕਟਰ ਨਿਰਮਲ ਸਿੰਘ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Written By
The Punjab Wire