ਕ੍ਰਾਇਮ ਗੁਰਦਾਸਪੁਰ

ਬੱਬਰੀ ਨਾਕੇ ‘ਤੇ ਨਾਕਾਬੰਦੀ ਦੌਰਾਨ ਵੱਡਾ ਖ਼ੁਲਾਸਾ: ਗੁਜਰਾਤੀ ਨੌਜਵਾਨਾਂ ਕੋਲੋਂ 62 ਲੱਖ ਦੀ ਬੇਹਿਸਾਬੀ ਨਕਦੀ ਬਰਾਮਦ

ਬੱਬਰੀ ਨਾਕੇ ‘ਤੇ ਨਾਕਾਬੰਦੀ ਦੌਰਾਨ ਵੱਡਾ ਖ਼ੁਲਾਸਾ: ਗੁਜਰਾਤੀ ਨੌਜਵਾਨਾਂ ਕੋਲੋਂ 62 ਲੱਖ ਦੀ ਬੇਹਿਸਾਬੀ ਨਕਦੀ ਬਰਾਮਦ
  • PublishedJuly 3, 2026

ਗੁਰਦਾਸਪੁਰ, 3 ਜੁਲਾਈ 2026 (ਮੰਨਨ ਸੈਣੀ)। ਅਹਿਮਦਾਬਾਦ ਤੋਂ ਘੁੰਮਣ ਲਈ ਸ੍ਰੀਨਗਰ ਜਾ ਰਹੇ ਦੋ ਨੌਜਵਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ 62 ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਨਕਦੀ ਬਿਨਾਂ ਨੰਬਰ ਪਲੇਟ ਵਾਲੀ ਕ੍ਰੇਟਾ ਗੱਡੀ ਵਿੱਚ ਰੱਖੀ ਹੋਈ ਸੀ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਪੁਲਿਸ ਨੇ ਇਨਕਮ ਟੈਕਸ ਦੀ ਟੀਮ ਨੂੰ ਸੱਦ ਕੇ ਨਕਦੀ ਅਤੇ ਦੋਵੇਂ ਨੌਜਵਾਨ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਹਨ। ਮੁਲਜ਼ਮਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਗੁਜਰਾਤ ਦੇ ਰਹਿਣ ਵਾਲੇ ਹਨ।

ਡੀਐੱਸਪੀ ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਉਨ੍ਹਾਂ ਦੀ ਟੀਮ ਸ਼ਹਿਰ ਦੇ ਬੱਬਰੀ ਨਾਕੇ ‘ਤੇ ਗੱਡੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਇੱਕ ਸਫ਼ੈਦ ਕ੍ਰੇਟਾ ਗੱਡੀ ਨੂੰ ਰੋਕਿਆ ਗਿਆ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਪੁਲਿਸ ਨੇ ਜਦੋਂ ਗੱਡੀ ਦੀ ਜਾਂਚ ਕੀਤੀ ਤਾਂ ਡਿੱਗੀ ਵਿੱਚ ਇੱਕ ਬੈਗ ਰੱਖਿਆ ਹੋਇਆ ਮਿਲਿਆ। ਬੈਗ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 62 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਮਗਰੋਂ ਜਦੋਂ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਨਾ ਗੱਡੀ ਦਾ ਕੋਈ ਦਸਤਾਵੇਜ਼ ਮਿਲਿਆ ਅਤੇ ਨਾ ਹੀ ਨਕਦੀ ਨਾਲ ਜੁੜਿਆ ਕੋਈ ਸਬੂਤ ਮਿਲਿਆ। ਇਸ ਮਗਰੋਂ ਪੁਲਿਸ ਨੇ ਇਨਕਮ ਟੈਕਸ ਦੀ ਟੀਮ ਨੂੰ ਸੱਦ ਲਿਆ।

ਡੀਐੱਸਪੀ ਮੁਤਾਬਕ ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ ਦੋਵਾਂ ਦੀ ਉਮਰ 20 ਸਾਲ ਤੋਂ ਘੱਟ ਹੈ। ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਅਹਿਮਦਾਬਾਦ ਤੋਂ ਘੁੰਮਣ ਲਈ ਸ੍ਰੀਨਗਰ ਜਾ ਰਹੇ ਸਨ। ਪਰ ਨਵੀਂ ਕ੍ਰੇਟਾ ਗੱਡੀ ਕਿਸ ਦੀ ਹੈ, ਗੱਡੀ ਵਿੱਚ ਨਕਦੀ ਕਿੱਥੋਂ ਰੱਖੀ ਗਈ, ਇਹ ਨਕਦੀ ਕਿਸ ਦੀ ਹੈ — ਇਨ੍ਹਾਂ ਸਵਾਲਾਂ ਦਾ ਉਨ੍ਹਾਂ ਕੋਲੋਂ ਕੋਈ ਜਵਾਬ ਨਹੀਂ ਮਿਲਿਆ। ਦੋਵੇਂ ਨੌਜਵਾਨ ਗੱਲਬਾਤ ਵੀ ਗੁਜਰਾਤੀ ਭਾਸ਼ਾ ਵਿੱਚ ਕਰ ਰਹੇ ਸਨ।

ਫਿਲਹਾਲ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ। ਅਗਲੀ ਜਾਂਚ ਹੁਣ ਇਨਕਮ ਟੈਕਸ ਵਿਭਾਗ ਕਰ ਰਿਹਾ ਹੈ। ਅਧਿਕਾਰੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਨਕਦੀ ਕਿੱਥੋਂ ਆਈ, ਇਸ ਦਾ ਮਾਲਕ ਕੌਣ ਹੈ ਅਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।

Written By
The Punjab Wire