ਗੁਰਦਾਸਪੁਰ, 30 ਜੂਨ 2026 (ਮੰਨਨ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਮੁਹੱਲਾ ਆਜ਼ਾਦ ਨਗਰ ਗੁਰਦਾਸਪੁਰ ਵਿਖੇ ਘਰ ਅੰਦਰ ਵੜ ਕੇ ਕੁੱਟਮਾਰ ਕਰਨ ਅਤੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ 5 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ 28 ਜੂਨ ਨੂੰ ਰਾਤ ਕਰੀਬ 10 ਵਜੇ ਵਾਪਰੀ, ਜਦੋਂ ਸੰਗਲਪੁਰਾ ਰੋਡ, ਮੁਹੱਲਾ ਆਜ਼ਾਦ ਨਗਰ ਦਾ ਰਹਿਣ ਵਾਲਾ ਨਵੀਨ ਕੁਮਾਰ ਬਜ਼ਾਰੋਂ ਆਪਣੀ ਸਕੂਟਰੀ ਉੱਤੇ ਸਵਾਰ ਹੋ ਕੇ ਘਰ ਮੁੜ ਰਿਹਾ ਸੀ। ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਜਿਉਂ ਹੀ ਉਹ ਆਪਣੇ ਘਰ ਦੇ ਗੇਟ ਅੱਗੇ ਗਲੀ ਵਿੱਚ ਪੁੱਜਾ, ਸਾਹਮਣੇ ਰਹਿੰਦੇ ਮੁਲਜ਼ਮਾਂ ਨੇ ਉਸ ਨੂੰ ਆਉਂਦਿਆਂ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਬਚਾਅ ਲਈ ਦੌੜ ਕੇ ਆਪਣੇ ਘਰ ਅੰਦਰ ਵੜ ਗਿਆ ਤਾਂ ਮੁਲਜ਼ਮਾਂ ਨੇ ਘਰ ਦੇ ਗੇਟ ਦੀ ਭੰਨ-ਤੋੜ ਕਰ ਦਿੱਤੀ ਅਤੇ ਘਰ ਅੰਦਰ ਜਾ ਵੜੇ। ਮੁਲਜ਼ਮ ਪੀੜਤ ਨੂੰ ਘਸੀਟ ਕੇ ਮੁੜ ਗਲੀ ਵਿੱਚ ਬਾਹਰ ਲੈ ਆਏ ਅਤੇ ਉੱਥੇ ਉਸ ਦੀ ਮੁੜ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਗਲੀ ਵਿੱਚ ਖੜ੍ਹੀ ਪੀੜਤ ਦੀ ਸਕੂਟਰੀ ਨੂੰ ਵੀ ਭੰਨ-ਤੋੜ ਕੀਤੀ ਗਈ।
ਪੁਲਿਸ ਨੇ ਨਵੀਨ ਕੁਮਾਰ ਦੇ ਬਿਆਨ ਉੱਤੇ ਰਮਨ ਕੁਮਾਰੀ ਪਤਨੀ ਕ੍ਰਿਸ਼ਨ ਕੁਮਾਰ, ਰੂਬੀ ਧੀ ਕ੍ਰਿਸ਼ਨ ਕੁਮਾਰ, ਅਕਨੀਤ ਧੀ ਕ੍ਰਿਸ਼ਨ ਕੁਮਾਰ ਵਾਸੀਆਂ ਸੰਗਲਪੁਰਾ ਰੋਡ ਮੁਹੱਲਾ ਆਜ਼ਾਦ ਨਗਰ, ਬੱਬੂ ਵਾਸੀ ਨਵਾਂ ਪਿੰਡ ਹੁੰਦਲ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅੱਗੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।