ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੇ ਕੰਮਾਂ ‘ਤੇ ਲੋਕਾਂ ਨੇ ਲਾਈ ਮੋਹਰ
ਕਾਂਗਰਸੀ ਪਾਰਸ਼ਦਾਂ ਨੇ ਜਿੱਤ ਦਾ ਸਿਹਰਾ ਪ੍ਰਧਾਨ ਦੇ ਵਿਕਾਸ ਕਾਰਜਾਂ ਨੂੰ ਦਿੱਤਾ
ਗੁਰਦਾਸਪੁਰ, 17 ਜੂਨ 2026 ( ਮੰਨਨ ਸੈਣੀ)। ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਪੂਰਾ ਸਿਹਰਾ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਜਾਂਦਾ ਹੈ। ਨਵ-ਨਿਯੁਕਤ ਪਾਰਸ਼ਦਾਂ ਨਕੁਲ ਮਹਾਜਨ, ਵਰੁਣ ਕੁਮਾਰ ਅਤੇ ਰੌਬਿਨ ਰੰਧਾਵਾ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਇਹ ਵਿਚਾਰ ਪ੍ਰਗਟ ਕੀਤੇ।
ਵਾਰਡ ਨੰਬਰ 25 ਤੋਂ ਜਿੱਤੇ ਕਾਂਗਰਸੀ ਪਾਰਸ਼ਦ ਨਕੁਲ ਮਹਾਜਨ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੇ ਵਾਰਡ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਸੂਬੇ ਵਿੱਚ ਆਪਣੀ ਸਰਕਾਰ ਨਾ ਹੋਣ ਦੇ ਬਾਵਜੂਦ ਕਈ ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿਵਾਈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡਾ ਫਾਇਦਾ ਮਿਲਿਆ। ਇਸੇ ਕਾਰਨ ਲੋਕਾਂ ਨੇ ਮੌਜੂਦਾ ਸਰਕਾਰ ਦੀ ਥਾਂ ਪ੍ਰਧਾਨ ਪਾਹੜਾ ਦੇ ਵਿਕਾਸ ਕਾਰਜਾਂ ‘ਤੇ ਭਰੋਸਾ ਕਰਦਿਆਂ ਕਾਂਗਰਸ ਨੂੰ ਵੱਡੀ ਜਿੱਤ ਦਿਵਾਈ।
ਵਾਰਡ ਨੰਬਰ 17 ਦੇ ਪਾਰਸ਼ਦ ਵਰੁਣ ਕੁਮਾਰ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਉਹ ਇਸ ਵਾਰਡ ਦੇ ਪਾਰਸ਼ਦ ਬਣੇ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਦੇ ਸਹਿਯੋਗ ਨਾਲ ਵਾਰਡ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਯਤਨ ਕੀਤੇ। ਵਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਦੇਖਦਿਆਂ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਦੂਜੀ ਵਾਰ ਵੱਡੀ ਲੀਡ ਨਾਲ ਜਿਤਾਇਆ, ਜਿਸ ਦਾ ਪੂਰਾ ਸਿਹਰਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਕੜੀ ਮਿਹਨਤ ਨੂੰ ਜਾਂਦਾ ਹੈ।
ਵਾਰਡ ਨੰਬਰ 14 ਤੋਂ ਜੇਤੂ ਰਹੇ ਕਾਂਗਰਸੀ ਪਾਰਸ਼ਦ ਰੌਬਿਨ ਰੰਧਾਵਾ ਨੇ ਕਿਹਾ ਕਿ ਇਹ ਚੋਣ ਜਿੱਤਣ ਲਈ ਪਾਹੜਾ ਪਰਿਵਾਰ ਵੱਲੋਂ ਦਿਨ-ਰਾਤ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਵੀ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਲੋਂ ਉਨ੍ਹਾਂ ਦੇ ਵਾਰਡ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਗਏ, ਇਸ ਲਈ ਉਹ ਆਪਣੀ ਜਿੱਤ ਦਾ ਪੂਰਾ ਸਿਹਰਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਦਿੰਦੇ ਹਨ।