ਗੁਰਦਾਸਪੁਰ, 12 ਜੂਨ 2026 (ਮੰਨਨ ਸੈਣੀ)। ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਤਹਿਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਅੱਜ ਸਬ ਡਵੀਜ਼ਨਲ ਹਸਪਤਾਲ ਬਟਾਲਾ, ਨਵੇਂ ਬਣੇ ਆਮ ਆਦਮੀ ਕਲੀਨਿਕ ਪੁਤਲੀ ਘਰ ਬਟਾਲਾ ਅਤੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿੱਚ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ।
ਦੌਰੇ ਦੌਰਾਨ ਉਨ੍ਹਾਂ ਬਟਾਲਾ ਹਸਪਤਾਲ ਦੇ ਵੱਖ-ਵੱਖ ਵਿੰਗਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਦੇ ਇਲਾਜ ਤੇ ਸਹੂਲਤਾਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਮੂਹ ਸਟਾਫ਼ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ। ਆਉਂਦੇ ਸਮੇਂ ਵਿੱਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ।

ਡਾ. ਪ੍ਰਭਾਕਰ ਨੇ ਦੱਸਿਆ ਕਿ ਬਟਾਲਾ ਵਿੱਚ ਪੁਤਲੀ ਘਰ ਅਤੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿੱਚ 2 ਨਵੇਂ ਆਮ ਆਦਮੀ ਕਲੀਨਿਕ ਬਣਾਏ ਗਏ ਹਨ ਜੋ ਜਲਦ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ।
ਹਸਪਤਾਲ ਦੌਰੇ ਦੌਰਾਨ ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਗਰਮੀ ਦੇ ਮੱਦੇਨਜ਼ਰ ਹੀਟ ਵੇਵ ਵਾਰਡ ਬਣਾਇਆ ਜਾਵੇ, ਸੰਸਥਾ ਵਿੱਚ ਸਾਫ਼ ਪੀਣ ਵਾਲੇ ਪਾਣੀ ਅਤੇ ਛਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਜ਼ਰੂਰੀ ਦਵਾਈਆਂ ਦਾ ਪੂਰਾ ਸਟਾਕ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇ, ਸਮੂਹ ਸਟਾਫ਼ ਸਮੇਂ ਦਾ ਪਾਬੰਦ ਰਹੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾਵੇ।
ਸੀਐਚਸੀ ਸਿੰਘੋਵਾਲ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਬਣ ਰਹੇ ਸਿਹਤ ਬੀਮਾ ਕਾਰਡਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਯੋਗ ਲਾਭਪਾਤਰੀ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇ ਅਤੇ ਇਲਾਜ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਐਸਐਮਓ ਡਾ. ਮਨਿੰਦਰਜੀਤ ਸਿੰਘ ਵੀ ਹਾਜ਼ਰ ਸਨ।