ਚੰਡੀਗੜ੍ਹ, 6 ਜੂਨ 2026 (ਦੀ ਪੰਜਾਬ ਵਾਇਰ)। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਵਿੱਚ ਅਕਾਦਮਿਕ ਸੈਸ਼ਨ 2026-27 ਤੋਂ ਪੰਜ ਨਵੇਂ ਉਦਯੋਗ ਅਤੇ ਹੁਨਰ-ਆਧਾਰਿਤ ਕੋਰਸ ਸ਼ੁਰੂ ਕੀਤੇ ਜਾਣਗੇ।
ਬੈਂਸ ਨੇ ਦੱਸਿਆ ਕਿ ਨਵੇਂ ਕੋਰਸਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਬੀ.ਟੈੱਕ, ਰੋਬੋਟਿਕਸ ਅਤੇ AI ਵਿੱਚ ਬੀ.ਟੈੱਕ, ਬੀ.ਫਾਰਮੇਸੀ, ਬੀ.ਐੱਸਸੀ. ਐਗਰੀਕਲਚਰ ਅਤੇ MCA, MBA ਤੇ MSc ਦੇ 5-ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਸ਼ਾਮਲ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਉੱਚ ਸਿੱਖਿਆ ਨੂੰ ਰੁਜ਼ਗਾਰਮੁਖੀ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇਯੋਗ ਬਣਾਉਣ ਦੀ ਸੋਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਰਟੇ ਮਾਰਨ ਅਤੇ ਸਿਰਫ਼ ਪੇਪਰ ਪਾਸ ਕਰਨ ਵਾਲੀ ਪੁਰਾਣੀ ਸਿੱਖਿਆ ਦਾ ਦੌਰ ਖ਼ਤਮ ਹੋ ਚੁੱਕਾ ਹੈ। ਹੁਣ ਹਰ ਵਿਦਿਆਰਥੀ ਨੂੰ ਇੱਕ ਸਮੈਸਟਰ ਦੀ ਲਾਜ਼ਮੀ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਾਂ ਵਿੱਚ ਹਿੱਸਾ ਲੈਣਾ ਹੋਵੇਗਾ ਤਾਂ ਜੋ ਡਿਗਰੀ ਮਿਲਣ ਤੋਂ ਪਹਿਲਾਂ ਹੀ ਉਹ ਉਦਯੋਗ ਲਈ ਤਿਆਰ ਹੋਣ।
ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲ ਦਾ ਮਕਸਦ ਸੂਬੇ ਵਿੱਚੋਂ ਪ੍ਰਤਿਭਾ ਦੇ ਪਲਾਇਣ ਨੂੰ ਰੋਕਣਾ ਹੈ। ਹੁਣ ਪੰਜਾਬ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵਧੀਆ ਤਕਨੀਕੀ ਜਾਂ ਫਾਰਮਾਸਿਊਟੀਕਲ ਸਿੱਖਿਆ ਲਈ ਸੂਬੇ ਤੋਂ ਬਾਹਰ ਭੇਜਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਮਾਨ ਸਰਕਾਰ ਪੰਜਾਬ ਵਿੱਚ ਹੀ ਭਵਿੱਖ ਦੀਆਂ ਲੋੜਾਂ ਮੁਤਾਬਕ ਆਧੁਨਿਕ ਯੂਨੀਵਰਸਿਟੀਆਂ ਵਿਕਸਤ ਕਰ ਰਹੀ ਹੈ।