“ਪਾਹੜਾ ਮੁਕਤ ਨਗਰ ਕੌਂਸਲ” ਬਣਾਉਣ ਦਾ ਮਨ ਬਣਾ ਚੁੱਕੇ ਹਨ ਗੁਰਦਾਸਪੁਰ ਦੇ ਲੋਕ — ਰਮਨ ਬਹਿਲ
ਆਪ ਨੇ 29 ਵਾਰਡਾਂ ਦੇ ਉਮੀਦਵਾਰ ਐਲਾਨੇ, ਪਾਹੜਾ ਪਰਿਵਾਰ, ਅਕਾਲੀ ਦਲ ਅਤੇ ਭਾਜਪਾ ਉੱਤੇ ਰਮਨ ਬਹਿਲ ਵੱਲੋਂ ਲਗਾਏ ਗਏ ਤਿੱਖੇ ਦੋਸ਼
ਗੁਰਦਾਸਪੁਰ, 3 ਜੂਨ 2026 (ਮੰਨਨ ਸੈਣੀ)। ਗੁਰਦਾਸਪੁਰ ਅੰਦਰ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਡਰ ਅਤੇ ਖੌਫ਼ ਦੀ ਰਾਜਨੀਤੀ ਦਾ ਖਾਤਮਾ ਹੋਵੇਗਾ ਅਤੇ ਗੁਰਦਾਸਪੁਰ ਦੀ ਜਨਤਾ ਆਮ ਆਦਮੀ ਪਾਰਟੀ ਦੇ ਕੰਮਾਂ ‘ਤੇ ਮੋਹਰ ਲਾਵੇਗੀ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਮੰਗਲਵਾਰ ਨੂੰ ਹਰਦੋਛੱਨੀ ਰੋਡ ਸਥਿਤ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸਾਰੇ 29 ਵਾਰਡਾਂ ਦੇ ਉਮੀਦਵਾਰ ਵੀ ਪੇਸ਼ ਕੀਤੇ।
ਪਾਹੜਾ ਪਰਿਵਾਰ ‘ਤੇ ਲਗਾਏ ਦੋਸ਼ — ਝੂਠੇ ਵਾਅਦੇ, ਨਜਾਇਜ਼ ਕਲੋਨੀਆਂ ਅਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ
ਰਮਨ ਬਹਿਲ ਨੇ ਕਾਂਗਰਸ ਵਿਧਾਇਕ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਾਹੜਾ ਪਰਿਵਾਰ ਨੇ ਸਾਲਾਂ ਤੱਕ ਗੁਰਦਾਸਪੁਰ ਦੀ ਰਾਜਨੀਤੀ ਨੂੰ ਆਪਣੀ ਜਗੀਰ ਸਮਝ ਕੇ ਚਲਾਇਆ ਅਤੇ ਰਾਜਨੀਤੀ ਦਾ ਮਤਲਬ ਸੇਵਾ ਦੀ ਥਾਂ ਸਵਾਰਥ ਕਰ ਦਿੱਤਾ ਗਿਆ। ਉਨ੍ਹਾਂ ਇਲਜ਼ਾਮ ਲਾਇਆ ਕਿ 2017 ਤੋਂ 2026 ਤੱਕ ਕਾਂਗਰਸ ਦੀ ਅਖੌਤੀ ਸਰਪ੍ਰਸਤੀ ਹੇਠ ਸ਼ਹਿਰ ਵਿੱਚ ਕਰੀਬ 62 ਨਜਾਇਜ਼ ਕਲੋਨੀਆਂ ਦੀ ਅਪਰੂਵਲ ਦੇ ਦਿੱਤੀ ਗਈ, ਜਿਨ੍ਹਾਂ ਵਿੱਚ ਅੱਜ ਵੀ ਲੋਕ ਸੜਕਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਬਹਿਲ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੋੜਾ ਅਟਕਾਉਣ ਲਈ ਹਾਈ ਕੋਰਟ ਦਾ ਰੁੱਖ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਪਾਹੜਾ ਪਰਿਵਾਰ ਦੇ ਕਾਰਜਕਾਲ ਨਾਲ ਸਬੰਧਤ ਹੋਰ ਵੀ ਕਈ ਤੱਥ ਆਉਣ ਵਾਲੇ ਦਿਨਾਂ ਵਿੱਚ ਜਨਤਾ ਸਾਹਮਣੇ ਲਿਆਂਦੇ ਜਾਣਗੇ। ਉਨ੍ਹਾਂ ਕੂੜਾ ਡੰਪਿਗ ਸਾਇਟ ਅੰਦਰ ਵੀ ਕੂੜਾ ਸੁੱਟਣ ਵਾਲੀ ਥਾਂ ਤੇ ਰੋਕ ਲਗਾਉਣ ਨੂੰ ਵੀ ਪਾਹੜਾ ਪਰਿਵਾਰ ਦੇ ਹੀ ਜਿੰਮੇ ਮੜਿਆ।
ਭਾਜਪਾ ਵੀ ਦੋਸ਼ਾਂ ਤੋਂ ਨਹੀਂ ਬਚੀ — “ਰਮਨ ਬਹਿਲ ਦਾ ਇਲਜ਼ਾਮ ਹੈ ਕਿ 2021 ਦੀਆਂ ਚੋਣਾਂ ਵਿੱਚ ਧਾਂਦਲੀ ਹੋਈ”
ਭਾਜਪਾ ਉੱਤੇ ਵੀ ਵਾਰ ਕਰਦਿਆਂ ਬਹਿਲ ਨੇ ਇਲਜ਼ਾਮ ਲਾਇਆ ਕਿ 2007 ਤੋਂ ਬਾਅਦ ਗੁਰਦਾਸਪੁਰ ਵਿੱਚ ਡਰ ਅਤੇ ਦਬਾਅ ਦੀ ਰਾਜਨੀਤੀ ਕਰਨ ਵਿੱਚ ਭਾਜਪਾ ਅਤੇ ਅਕਾਲੀ ਦਲ ਪਿੱਛੇ ਨਹੀਂ ਰਹੀ ਅਤੇ ਜੰਮ ਕੇ ਸਾਥ ਦਿੱਤਾ। ਜਿਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਦੇ ਪਾਹੜਾ ਪਰਿਵਾਰ ਅੱਗੇ ਵੀ ਘੁਟਨੇ ਟੇਕ ਦਿੱਤੇ। ਉਨ੍ਹਾਂ ਇਲਜ਼ਾਮ ਲਾਇਆ ਕਿ 2021 ਦੀਆਂ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਈਆਂ ਨਹੀਂ ਸਗੋਂ ਧਾਂਦਲੀ ਕਰ ਚੋਰੀ ਕੀਤੀਆਂ ਗਈਆਂ ਸਨ। ਬਹਿਲ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਆਪ ਪਾਹੜਾ ਦੀ ਪਿੱਚ ‘ਤੇ ਖੇਡਣ ਜਾ ਰਹੀ ਹੈ, ਪਰ ਫਿਰ ਵੀ ਜਿੱਤ ਕੇ ਦਿਖਾਵਾਂਗੇ।
ਆਪ ਦੀਆਂ ਪ੍ਰਾਪਤੀਆਂ — ਪਾਰਕ, ਮੁਹੱਲਾ ਕਲੀਨਿਕ ਅਤੇ ਗੰਦੇ ਨਾਲੇ ਨੂੰ ਝੀਲ ਬਣਾਉਣ ਦਾ ਕੰਮ
ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ-ਸਮਰਥਿਤ ਸਥਾਨਕ ਪ੍ਰਸ਼ਾਸਨ ਨੇ ਜਿੱਥੇ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਕੀਤਾ, ਉੱਥੇ ਮੁਹੱਲਾ ਕਲੀਨਿਕ ਬਣਾ ਕੇ ਆਮ ਲੋਕਾਂ ਦੇ ਦਰਵਾਜ਼ੇ ‘ਤੇ ਸਿਹਤ ਸੇਵਾਵਾਂ ਪਹੁੰਚਾਈਆਂ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵਗਦੇ ਗੰਦੇ ਨਾਲੇ ਨੂੰ ਝੀਲ ਵਿੱਚ ਤਬਦੀਲ ਕਰਨ ਦਾ ਕੰਮ ਵੀ ਆਪ ਸਰਕਾਰ ਦੇ ਕਾਰਜਕਾਲ ਵਿੱਚ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 65 ਹਜ਼ਾਰ ਤੋਂ ਵੱਧ ਆਊਟਸੋਰਸ ਮੁਲਾਜ਼ਮਾਂ ਨੂੰ ਦਿੱਤੀ ਰਾਹਤ ਅਤੇ ਹੋਰ ਲੋਕ ਭਲਾਈ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਬਹਿਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਗੁਰਦਾਸਪੁਰ ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ ਅਤੇ ਲੋਕ ਵਿਕਾਸ, ਪਾਰਦਰਸ਼ਤਾ ਅਤੇ ਇਮਾਨਦਾਰ ਰਾਜਨੀਤੀ ਦੇ ਹੱਕ ਵਿੱਚ ਫ਼ਤਵਾ ਦੇਣਗੇ।
ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਸਮੂਹ 29 ਵਾਰਡਾਂ ਦੇ ਉਮੀਦਵਾਰ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।