ਚੰਡੀਗੜ੍ਹ, 2 ਜੂਨ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਅੱਜ ਪ੍ਰਬੰਧਕੀ ਲੋੜਾਂ ਦੇ ਆਧਾਰ ‘ਤੇ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ। ਇਹ ਹੁਕਮ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ।
IAS ਅਧਿਕਾਰੀਆਂ ਦੀਆਂ ਤਬਦੀਲੀਆਂ
IAS ਸ਼੍ਰੇਣੀ ਵਿੱਚ ਕੁੱਲ 7 ਅਧਿਕਾਰੀਆਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ। ਸ਼੍ਰੀ ਮਨਜੀਤ ਸਿੰਘ ਬਰਾੜ (2007 ਬੈਚ), ਜੋ ਪਹਿਲਾਂ ਸਥਾਨਕ ਸਰਕਾਰ ਵਿਭਾਗ ਵਿੱਚ ਪ੍ਰਬੰਧਕੀ ਸਕੱਤਰ ਸਨ, ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਸ਼੍ਰੀ ਘਨਸ਼ਿਆਮ ਥੋਰੀ (2010 ਬੈਚ) ਨੂੰ ਸਥਾਨਕ ਸਰਕਾਰ ਵਿਭਾਗ ਦਾ ਪ੍ਰਬੰਧਕੀ ਸਕੱਤਰ ਬਣਾਇਆ ਗਿਆ ਹੈ।
ਸ਼੍ਰੀ ਕੁਲਵੰਤ ਸਿੰਘ (2012 ਬੈਚ), ਜੋ ਪਹਿਲਾਂ ਡਾਇਰੈਕਟਰ ਸਥਾਨਕ ਸਰਕਾਰ ਸਨ, ਨੂੰ ਡਾਇਰੈਕਟਰ ਉੱਚੇਰੀ ਸਿੱਖਿਆ, ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼੍ਰੀਮਤੀ ਸਾਕਸ਼ੀ ਸਾਹਨੀ (2014 ਬੈਚ), ਜੋ ਮੁੱਖ ਪ੍ਰਸ਼ਾਸਕ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਹਨ, ਨੂੰ ਨੈਸ਼ਨਲ ਸਿਹਤ ਮਿਸ਼ਨ ਪੰਜਾਬ ਦੀ ਮਿਸ਼ਨ ਡਾਇਰੈਕਟਰ ਵੀ ਲਾਇਆ ਗਿਆ ਹੈ। ਸ਼੍ਰੀ ਜਸਪ੍ਰੀਤ ਸਿੰਘ (2014 ਬੈਚ) ਨੂੰ ਡਾਇਰੈਕਟਰ ਉਦਯੋਗ ਤੇ ਵਣਜ ਦੇ ਨਾਲ-ਨਾਲ ਪੰਜਾਬ ਇਨਫੋਟੈੱਕ ਦੇ ਮੈਨੇਜਿੰਗ ਡਾਇਰੈਕਟਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ (2020 ਬੈਚ) ਨੂੰ ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ ਤਾਇਨਾਤ ਕੀਤਾ ਗਿਆ ਹੈ ਅਤੇ ਸ਼੍ਰੀ ਰੁਬਿੰਦਰਜੀਤ ਸਿੰਘ ਬਰਾੜ (2020 ਬੈਚ) ਨੂੰ ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
PCS ਅਧਿਕਾਰੀਆਂ ਦੀਆਂ ਤਬਦੀਲੀਆਂ — ਗੁਰਦਾਸਪੁਰ ‘ਤੇ ਅਸਰ
PCS ਅਧਿਕਾਰੀਆਂ ਵਿੱਚ 4 ਬਦਲੀਆਂ ਕੀਤੀਆਂ ਗਈਆਂ। ਸ਼੍ਰੀ ਹਰਦੀਪ ਸਿੰਘ, ਪੀ.ਸੀ.ਐਸ. (2014 ਬੈਚ) ਨੂੰ ਉੱਪ ਮੰਡਲ ਮੈਜਿਸਟਰੇਟ, ਗੁਰੂ ਹਰ ਸਹਾਏ ਲਾਇਆ ਗਿਆ ਹੈ। ਸ਼੍ਰੀ ਅਸ਼ੋਕ ਕੁਮਾਰ, ਪੀ.ਸੀ.ਐਸ. (2020 ਬੈਚ) ਨੂੰ ਉੱਪ ਮੰਡਲ ਮੈਜਿਸਟਰੇਟ, ਗੁਰਦਾਸਪੁਰ ਖਾਲੀ ਅਸਾਮੀ ‘ਤੇ ਤਾਇਨਾਤ ਕੀਤਾ ਗਿਆ ਹੈ। ਸ਼੍ਰੀਮਤੀ ਰਮਨਦੀਪ ਕੌਰ, ਪੀ.ਸੀ.ਐਸ. (2026 ਬੈਚ) ਨੂੰ ਉੱਪ ਮੰਡਲ ਮੈਜਿਸਟਰੇਟ, ਬਨੂੜ ਭੇਜਿਆ ਗਿਆ ਹੈ, ਜਿੱਥੇ ਉਹ ਸ਼੍ਰੀਮਤੀ ਅੰਕਿਤਾ ਕਾਂਸਲ ਨੂੰ ਵਾਧੂ ਚਾਰਜ ਤੋਂ ਮੁਕਤ ਕਰਨਗੇ। ਸ਼੍ਰੀਮਤੀ ਰੋਬਿਨਜੀਤ ਕੌਰ, ਪੀ.ਸੀ.ਐਸ. (2026 ਬੈਚ), ਜੋ ਤਰਨ ਤਾਰਨ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸਨ, ਨੂੰ ਰੀਜਨਲ ਟਰਾਂਸਪੋਰਟ ਅਫਸਰ, ਗੁਰਦਾਸਪੁਰ ਖਾਲੀ ਅਸਾਮੀ ‘ਤੇ ਤਾਇਨਾਤ ਕੀਤਾ ਗਿਆ ਹੈ।
ਸਾਰੇ ਸਬੰਧਤ ਅਧਿਕਾਰੀਆਂ ਨੂੰ ਨਵੀਂ ਤੈਨਾਤੀ ‘ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ।