ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਪੁਲਿਸ ਨੂੰ ਮਿਲੀ ਸਫ਼ਲਤਾ- ਮੁਲਤਾਨੀ ਹਸਪਤਾਲ ‘ਤੇ ਗ੍ਰੇਨੇਡ ਹਮਲੇ ਦਾ ਮੁਲਜ਼ਮ 6 ਘੰਟਿਆਂ ਵਿੱਚ ਫੜਿਆ, ਵਿਦੇਸ਼ੀ ਸਾਜ਼ਿਸ਼ ਵੀ ਆਈ ਸਾਹਮਣੇ

ਗੁਰਦਾਸਪੁਰ ਪੁਲਿਸ ਨੂੰ ਮਿਲੀ ਸਫ਼ਲਤਾ- ਮੁਲਤਾਨੀ ਹਸਪਤਾਲ ‘ਤੇ ਗ੍ਰੇਨੇਡ ਹਮਲੇ ਦਾ ਮੁਲਜ਼ਮ 6 ਘੰਟਿਆਂ ਵਿੱਚ ਫੜਿਆ, ਵਿਦੇਸ਼ੀ ਸਾਜ਼ਿਸ਼ ਵੀ ਆਈ ਸਾਹਮਣੇ
  • PublishedJune 2, 2026

ਤਰਨਤਾਰਨ ਤੋਂ ਫੜਿਆ ਗਿਆ ਮੁੱਖ ਦੋਸ਼ੀ

ਗੁਰਦਾਸਪੁਰ, 2 ਜੂਨ 2026 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕਲਾਨੌਰ ਦੇ ਮੁਲਤਾਨੀ ਹਸਪਤਾਲ ‘ਤੇ ਹੋਏ ਗ੍ਰੇਨੇਡ ਹਮਲੇ ਦੇ ਮੁੱਖ ਮੁਲਜ਼ਮ ਨੂੰ ਕੁਝ ਹੀ ਘੰਟਿਆਂ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਗੁਰਦਾਸਪੁਰ ਦੇ ਐਸਐਸਪੀ ਆਦਿੱਤਿਆ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੰਗਲਵਾਰ ਦੁਪਹਿਰ ਹੋਏ ਇਸ ਹਮਲੇ ਤੋਂ ਬਾਅਦ ਤੁਰੰਤ ਥਾਣਾ ਕਲਾਨੌਰ ਵਿੱਚ ਮਾਮਲਾ ਦਰਜ ਕਰਕੇ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।

ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਆਈਪੀਐਸ ਆਦਿੱਤਯ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ, ਤਕਨੀਕੀ ਨਿਗਰਾਨੀ ਅਤੇ ਮਨੁੱਖੀ ਖੁਫ਼ੀਆ ਸੂਚਨਾਵਾਂ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਟਿੰਡੀ ਪੁੱਤਰ ਰਣਜੀਤ ਸਿੰਘ, ਵਾਸੀ ਅਗਵਾਨ, ਥਾਣਾ ਕਲਾਨੌਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ਵਿੱਚ ਇੱਕ ਵਿਦੇਸ਼ੀ ਹੈਂਡਲਰ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਜਿਸ ਦੀ ਭੂਮਿਕਾ ਦੀ ਡੂੰਘੀ ਪੜਤਾਲ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਮੁਲਜ਼ਮ ਵਿਰੁੱਧ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ — ਇੱਕ ਚੋਰੀ ਅਤੇ ਦੋ NDPS ਐਕਟ ਤਹਿਤ।

ਦੱਸਣਯੋਗ ਹੈ ਕਿ ਮੰਗਲਵਾਰ ਦੇ ਧਮਾਕੇ ਨਾਲ ਹਸਪਤਾਲ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁਲਤਾਨੀ ਹਸਪਤਾਲ ਦੇ ਸੰਚਾਲਕ ਡਾ. ਅਮਰਬੀਰ ਸਿੰਘ ਮੁਲਤਾਨੀ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਹਸਪਤਾਲ ‘ਤੇ ਇਸ ਤੋਂ ਪਹਿਲਾਂ 2 ਵਾਰ ਫ਼ਾਇਰਿੰਗ ਵੀ ਹੋ ਚੁੱਕੀ ਹੈ।

SSP ਆਦਿੱਤਿਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਅਸਮਾਜਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਲਈ ਵਚਨਬੱਧ ਹੈ।

Written By
The Punjab Wire