ਕ੍ਰਾਇਮ ਗੁਰਦਾਸਪੁਰ

ਕਲਾਨੌਰ: ਮੁਲਤਾਨੀ ਹਸਪਤਾਲ ‘ਤੇ ਧਮਾਕਾ, ਖਿੜਕੀਆਂ-ਦਰਵਾਜ਼ਿਆਂ ਦੇ ਸ਼ੀਸ਼ੇ ਚਕਨਾਚੂਰ; SSP ਆਦਿਤਿਆ ਮੌਕੇ ‘ਤੇ ਪਹੁੰਚੇ

ਕਲਾਨੌਰ: ਮੁਲਤਾਨੀ ਹਸਪਤਾਲ ‘ਤੇ ਧਮਾਕਾ, ਖਿੜਕੀਆਂ-ਦਰਵਾਜ਼ਿਆਂ ਦੇ ਸ਼ੀਸ਼ੇ ਚਕਨਾਚੂਰ; SSP ਆਦਿਤਿਆ ਮੌਕੇ ‘ਤੇ ਪਹੁੰਚੇ
  • PublishedJune 2, 2026

ਗੁਰਦਾਸਪੁਰ, 2 ਜੂਨ 2026 (ਮੰਨਨ ਸੈਣੀ)। ਕਸਬਾ ਕਲਾਨੌਰ ਵਿੱਚ ਸਥਿਤ ਮੁਲਤਾਨੀ ਹਸਪਤਾਲ ‘ਤੇ ਮੰਗਲਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਜ਼ੋਰਦਾਰ ਧਮਾਕਾ ਕੀਤਾ ਗਿਆ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਹਸਪਤਾਲ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਵਾਰਦਾਤ ਦੀ ਸੂਚਨਾ ਮਿਲਦੇ ਹੀ SSP ਆਦਿਤਿਆ, SP ਡੀਕੇ ਚੌਧਰੀ ਅਤੇ SHO ਮੌਲਖ ਸਿੰਘ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਥਾਨਕ ਡਾਕਟਰਾਂ ਤੇ ਵਪਾਰੀਆਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ।

ਘਟਨਾ ਸਥਾਨ ਤੋਂ ਇੱਕ CCTV ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ੱਕੀ ਨੌਜਵਾਨ ਕਾਫ਼ੀ ਦੇਰ ਤੱਕ ਹਸਪਤਾਲ ਦੇ ਆਲੇ-ਦੁਆਲੇ ਘੁੰਮਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਇਹ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਸ਼ੱਕੀ ਦੀ ਪਛਾਣ ਕਰਨ ਵਿੱਚ ਜੁੱਟ ਗਈ ਹੈ। ਹਾਲਾਂਕਿ, ਗ੍ਰਨੇਡ ਸੁੱਟਣ ਦੀ ਕੋਈ ਫੁਟੇਜ ਅਜੇ ਤੱਕ ਸਾਹਮਣੇ ਨਹੀਂ ਆਈ।

ਜ਼ਿਕਰਯੋਗ ਹੈ ਕਿ ਮੁਲਤਾਨੀ ਹਸਪਤਾਲ ਦੇ ਡਾਕਟਰ ਅਮਰਬੀਰ ਸਿੰਘ ਮੁਲਤਾਨੀ ਲੰਮੇ ਸਮੇਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਫਿਰੌਤੀ ਨਾ ਦੇਣ ਕਾਰਨ ਇਸ ਹਸਪਤਾਲ ‘ਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਗੋਲੀਬਾਰੀ ਹੋ ਚੁੱਕੀ ਹੈ। ਪਿਛਲੀਆਂ ਦੋਵੇਂ ਵਾਰਦਾਤਾਂ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਲਗਾਤਾਰ ਹੋ ਰਹੇ ਹਮਲਿਆਂ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਪੁਲਿਸ ਮੁਤਾਬਕ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਟੀਮਾਂ ਜਾਂਚ ਵਿੱਚ ਲਗਾਈਆਂ ਗਈਆਂ ਹਨ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮਾਂ ਸਬੂਤ ਇਕੱਠੇ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

SSP Gurdaspur Aditya on incident at Multani Hospital, Kalanaur, Gurdaspur

https://www.facebook.com/share/v/1SXNNnJQRp
Written By
The Punjab Wire