ਗੁਰਦਾਸਪੁਰ

ਬੱਬੇਹਾਲੀ ਨੇ ਸਾਰੇ 29 ਵਾਰਡਾਂ ਵਿੱਚ ਉਮੀਦਵਾਰ ਚੋਣ ਦੰਗਲ ਅੰਦਰ ਉਤਾਰੇ, ਕਾਂਗਰਸ ਅਤੇ ਆਪ ‘ਤੇ ਲਾਏ ਇਲਜ਼ਾਮ

ਬੱਬੇਹਾਲੀ ਨੇ ਸਾਰੇ 29 ਵਾਰਡਾਂ ਵਿੱਚ ਉਮੀਦਵਾਰ ਚੋਣ ਦੰਗਲ ਅੰਦਰ ਉਤਾਰੇ, ਕਾਂਗਰਸ ਅਤੇ ਆਪ ‘ਤੇ ਲਾਏ ਇਲਜ਼ਾਮ
  • PublishedJune 1, 2026

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ — ਕੂੜਾ ਨਿਪਟਾਰਾ ਸਭ ਤੋਂ ਵੱਡੀ ਤਰਜੀਹ

ਗੁਰਦਾਸਪੁਰ, 1 ਜੂਨ 2026 (ਮੰਨਨ ਸੈਣੀ)। ਨਗਰ ਕੌਂਸਲ ਗੁਰਦਾਸਪੁਰ ਦੇ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਸ਼ਹਿਰ ਦੇ ਸਾਰੇ 29 ਵਾਰਡਾਂ ਤੋਂ ਪਾਰਟੀ ਉਮੀਦਵਾਰਾਂ ਦੇ ਨਾਂਅ ਐਲਾਨ ਕਰ ਦਿੱਤੇ ਗਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬੇਹਾਲੀ ਨੇ ਦੱਸਿਆ ਕਿ ਵਾਰਡ 1 ਤੋਂ ਸਾਈਂ ਦਾਸ, ਵਾਰਡ 2 ਤੋਂ ਗੁਰਚਰਨ ਕੌਰ, ਵਾਰਡ 3 ਤੋਂ ਨਿਸ਼ਾਨ ਸਿੰਘ, ਵਾਰਡ 4 ਤੋਂ ਭਾਰਤੀ, ਵਾਰਡ 5 ਤੋਂ ਰਘਬੀਰ ਸਿੰਘ, ਵਾਰਡ 6 ਤੋਂ ਨੀਤੂ, ਵਾਰਡ 7 ਤੋਂ ਕੁਲਦੀਪ ਸਿੰਘ, ਵਾਰਡ 8 ਤੋਂ ਗੁਰਮੀਤ ਕੌਰ, ਵਾਰਡ 9 ਤੋਂ ਗੁਰਮੁਖ ਸਿੰਘ, ਵਾਰਡ 10 ਤੋਂ ਮਾਲਤੀ, ਵਾਰਡ 11 ਤੋਂ ਦੀਕਸ਼ਾ, ਵਾਰਡ 12 ਤੋਂ ਸਾਕਸ਼ੀ, ਵਾਰਡ 13 ਤੋਂ ਵਿਨੋਦ, ਵਾਰਡ 14 ਤੋਂ ਪੂਜਾ, ਵਾਰਡ 15 ਤੋਂ ਮਨੋਜ ਕੁਮਾਰ, ਵਾਰਡ 16 ਤੋਂ ਸ਼ਰਨਜੀਤ ਕੌਰ, ਵਾਰਡ 17 ਤੋਂ ਜਸਪਿੰਦਰ ਪਾਲ, ਵਾਰਡ 18 ਤੋਂ ਨੀਰੂ, ਵਾਰਡ 19 ਤੋਂ ਸੁਨੀਲ ਕੁਮਾਰ, ਵਾਰਡ 20 ਤੋਂ ਸਮਿਕਸ਼ਣ ਸੈਣੀ, ਵਾਰਡ 21 ਤੋਂ ਅਮਨਦੀਪ ਕੌਰ, ਵਾਰਡ 22 ਤੋਂ ਸੁਦੇਸ਼ ਕੁਮਾਰੀ, ਵਾਰਡ 23 ਤੋਂ ਰਾਮ ਲਾਲ, ਵਾਰਡ 24 ਤੋਂ ਸੰਤੋਸ਼ ਕੁਮਾਰੀ, ਵਾਰਡ 25 ਤੋਂ ਅਵਤਾਰ ਸਿੰਘ, ਵਾਰਡ 26 ਤੋਂ ਸੰਤੋਸ਼ ਕੁਮਾਰੀ, ਵਾਰਡ 27 ਤੋਂ ਗੁਰਬਖ਼ਸ਼ ਸਿੰਘ, ਵਾਰਡ 28 ਤੋਂ ਕਵਿਤਾ ਅਤੇ ਵਾਰਡ 29 ਤੋਂ ਸੁਨੀਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਬੱਬੇਹਾਲੀ ਨੇ ਦੱਸਿਆ ਕਿ ਕਈ ਵਾਰਡਾਂ ਤੋਂ ਔਰਤਾਂ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਚੋਣਾਂ ਵਿੱਚ ਨਿੱਤਰੀ ਹੈ। ਉਨ੍ਹਾਂ ਪਿਛਲੀ ਕਾਂਗਰਸ ਕਮੇਟੀ ‘ਤੇ ਇਲਜ਼ਾਮ ਲਾਇਆ ਕਿ ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਰਹੇ। ਉਨ੍ਹਾਂ ਕੂੜਾ ਨਿਪਟਾਰੇ ਨੂੰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਦੱਸਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਸਫ਼ਾਈ ਵਿਵਸਥਾ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਹਰੇਕ ਵਾਰਡ ਵਿੱਚ ਕੂੜਾ ਚੁੱਕਣ ਦੀ ਨਿਯਮਤ ਵਿਵਸਥਾ ਲਾਗੂ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ‘ਤੇ ਵੀ ਦੋਸ਼ ਲਾਉਂਦਿਆਂ ਬੱਬੇਹਾਲੀ ਨੇ ਕਿਹਾ ਕਿ ਪੰਜਾਬ ਵਿੱਚ ਸੱਤਾ ‘ਤੇ ਕਾਬਜ਼ ਆਪ ਸਰਕਾਰ ਆਪਣੇ ਵਾਅਦਿਆਂ ਤੋਂ ਖਰੀ ਨਹੀਂ ਉੱਤਰ ਸਕੀ, ਜਿਸ ਕਾਰਨ ਹਰ ਵਰਗ ਦੁਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪ ਨੂੰ ਰੱਦ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ‘ਤੇ ਮੋਹਰ ਲਾਉਣਗੇ।

Written By
The Punjab Wire