ਪੰਜਾਬ ਰਾਜਨੀਤੀ

ਰਾਜਾ ਵੜਿੰਗ ਦਾ ਨਾਮ ਫਿਰ ਚਰਚਾ ਅੰਦਰ- ਅਨੁਸੂਚਿਤ ਜਾਤੀਆਂ ਬਾਰੇ ਕਥਿਤ ਅਪਮਾਨਜਨਕ ਬਿਆਨ ਤੇ ਕਮਿਸ਼ਨ ਨੇ ਮੁਕਤਸਰ ਪੁਲਿਸ ਤੋਂ ਮੰਗੀ ਰਿਪੋਰਟ

ਰਾਜਾ ਵੜਿੰਗ ਦਾ ਨਾਮ ਫਿਰ ਚਰਚਾ ਅੰਦਰ- ਅਨੁਸੂਚਿਤ ਜਾਤੀਆਂ ਬਾਰੇ ਕਥਿਤ ਅਪਮਾਨਜਨਕ ਬਿਆਨ ਤੇ ਕਮਿਸ਼ਨ ਨੇ ਮੁਕਤਸਰ ਪੁਲਿਸ ਤੋਂ ਮੰਗੀ ਰਿਪੋਰਟ
  • PublishedMay 26, 2026

ਚੰਡੀਗੜ੍ਹ, 26 ਮਈ 2026 (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਨਾਮ ਇੱਕ ਵਾਰ ਫਿਰ ਚਰਚਾ ਚ ਆਇਆ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਆਡੀਓ ਕਲਿੱਪ — ਜਿਸ ਵਿੱਚ ਕੁਝ ਅਪਮਾਨਜਨਕ ਬਿਆਨ ਅਤੇ ਵਰਤੀ ਗਈ ਭਾਸ਼ਾ ਦੇ ਮਾਮਲੇ ਵਿੱਚ ਸੀਨੀਅਰ ਕਪਤਾਨ ਪੁਲਿਸ ਮੁਕਤਸਰ ਤੋਂ ਫ਼ੌਰੀ ਜਾਂਚ ਰਿਪੋਰਟ ਤਲਬ ਕੀਤੀ ਹੈ।

ਕਮਿਸ਼ਨ ਦੇ ਚੇਅਰਪਰਸਨ ਵੱਲੋਂ 26 ਮਈ 2026 ਨੂੰ ਜਾਰੀ ਨੋਟਿਸ ਅਨੁਸਾਰ ਇਹ ਆਡੀਓ ਕਲਿੱਪ ਮਾਣਯੋਗ ਮੰਤਰੀ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ ਤੇ ਸਮਾਜਿਕ ਨਿਆਂ ਅਧਿਕਾਰਤਾ, ਵੱਲੋਂ ਭੇਜੇ ਸੁਨੇਹੇ ਦੇ ਆਧਾਰ ‘ਤੇ ਕਮਿਸ਼ਨ ਦੇ ਧਿਆਨ ਵਿੱਚ ਆਈ। ਕਮਿਸ਼ਨ ਨੇ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004’ ਦੀ ਧਾਰਾ 10 ਤਹਿਤ suo-motu ਨੋਟਿਸ ਲੈਂਦੇ ਹੋਏ ਮਾਮਲੇ ਦੀ ਪੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।

ਪੁਲਿਸ ਅਧਿਕਾਰੀ ਨੂੰ ਹਦਾਇਤ ਕੀਤੀ ਗਈ ਹੈ ਕਿ ਆਡੀਓ ਦੀ ਫ਼ੋਰੈਂਸਿਕ ਜਾਂਚ ਅਤੇ ਸਬੰਧਤ ਤੱਥਾਂ ਦੀ ਮੁਕੰਮਲ ਰਿਪੋਰਟ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ 29 ਮਈ 2026 ਨੂੰ ਸਵੇਰੇ 9 ਵਜੇ ਕਮਿਸ਼ਨ ਦਫ਼ਤਰ ਵਿੱਚ ਪੇਸ਼ ਕੀਤੀ ਜਾਵੇ। ਨੋਟਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਨਾ ਹੋਣ ਦੀ ਸੂਰਤ ਵਿੱਚ ਕਮਿਸ਼ਨ ਐਕਟ-2004 ਦੀ ਧਾਰਾ 10(1) ਤਹਿਤ ਸਿਵਲ ਅਦਾਲਤ ਦੀਆਂ ਸ਼ਕਤੀਆਂ ਵਰਤੀਆਂ ਜਾਣਗੀਆਂ।

ਵਾਇਰਲ ਆਡੀਓ ਵਿੱਚ ਰਾਜਾ ਵੜਿੰਗ ਦੀ ਅਵਾਜ਼ ਦੱਸੀ ਜਾਂਦੀ ਹੈ ਜਿਸ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਦੱਸੀ ਜਾਂਦੀ ਹੈ। ਹਾਲਾਕਿ ਇਹ ਸੱਚ ਹੈ ਯਾਂ ਝੂਠ ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਕਲਿੱਪ ‘ਚਰਦਾ ਪੰਜਾਬ’ ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤੀ ਗਈ ਸੀ।

Written By
The Punjab Wire