Close

Recent Posts

ਖੇਡ ਸੰਸਾਰ ਗੁਰਦਾਸਪੁਰ

ਕਰਨਜੀਤ ਸਿੰਘ ਮਾਨ ਨੂੰ ਮਿਲਿਆ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ, ਮੁੱਖ ਮੰਤਰੀ ਵੱਲੋਂ ਦਿੱਤੀ ਗਈ ਪੰਜ ਲੱਖ ਦੀ ਇਨਾਮੀ ਰਾਸ਼ੀ

ਕਰਨਜੀਤ ਸਿੰਘ ਮਾਨ ਨੂੰ ਮਿਲਿਆ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ, ਮੁੱਖ ਮੰਤਰੀ ਵੱਲੋਂ ਦਿੱਤੀ ਗਈ ਪੰਜ ਲੱਖ ਦੀ ਇਨਾਮੀ ਰਾਸ਼ੀ
  • PublishedMay 25, 2026

ਗੁਰਦਾਸਪੁਰ, 25 ਮਈ 2026 (ਮੰਨਨ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੁਨਹਿਰੀ ਇਤਿਹਾਸ ਵਿੱਚ ਇੱਕ ਹੋਰ ਗੌਰਵਮਈ ਪੰਨਾ ਜੁੜ ਗਿਆ ਹੈ। ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਪੰਜ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਦਿੱਤਾ ਜਾਂਦਾ ਹੈ। ਪਿੰਡ ਮਾਨ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਉਨ੍ਹਾਂ 84 ਖਿਡਾਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਸ ਵਾਰ ਇਹ ਐਵਾਰਡ ਮਿਲਿਆ ਹੈ। ਪੰਜਾਬ ਸਰਕਾਰ ਵੱਲੋਂ ਐਵਾਰਡ ਤਹਿਤ ਟਰਾਫ਼ੀ, ਪੰਜ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ।

ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਨ, ਜੋ ਛੇਤੀ ਹੀ ਗਲਾਸਗੋ, ਸਕਾਟਲੈਂਡ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਹ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤ ਚੁੱਕੇ ਹਨ। ਸ਼ਾਸਤਰੀ ਨੇ ਦੱਸਿਆ ਕਿ ਇਸ ਸੈਂਟਰ ਦੇ ਸਾਬਕਾ ਖਿਡਾਰੀ ਇੰਸਪੈਕਟਰ ਸਾਹਿਲ ਪਠਾਣੀਆਂ, ਐੱਸਐੱਚਓ ਬਹਿਰਾਮਪੁਰ, ਅਤੇ ਅਮਨ ਕੁਮਾਰ ਵੀ ਇਹ ਐਵਾਰਡ ਹਾਸਲ ਕਰ ਚੁੱਕੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਵਾਰਡ ਦੀ ਲੜੀ ਹੋਰ ਅੱਗੇ ਵਧੇਗੀ।

ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ, ਸਤੀਸ਼ ਕੁਮਾਰ ਤਕਨੀਕੀ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ, ਸੁਰਿੰਦਰ ਕੁਮਾਰ, ਬਿਕਰਮ ਪ੍ਰਤਾਪ ਸਿੰਘ ਬਾਜਵਾ, ਸਾਬਕਾ ਐੱਸਐੱਸਪੀ ਵਰਿੰਦਰ ਸਿੰਘ ਸੰਧੂ, ਬਲਵਿੰਦਰ ਕੌਰ ਰਾਵਲਪਿੰਡੀ, ਰਵੀ ਕੁਮਾਰ ਗੁਰਦਾਸਪੁਰ ਅਤੇ ਦਿਨੇਸ਼ ਕੁਮਾਰ ਬਟਾਲਾ ਸਮੇਤ ਜੂਡੋ ਖੇਡ ਜਗਤ ਦੀਆਂ ਅਨੇਕ ਸ਼ਖ਼ਸੀਅਤਾਂ ਨੇ ਕਰਨਜੀਤ ਸਿੰਘ ਮਾਨ ਨੂੰ ਇਸ ਮਾਣਯੋਗ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।

Written By
The Punjab Wire