ਗੁਰਦਾਸਪੁਰ, 19 ਮਈ 2026 (ਮੰਨਨ ਸੈਣੀ)। ਇਨ੍ਹਾਂ ਦਿਨਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਧਦੀ ਗਰਮੀ ਕਾਰਨ ਸਿਹਤ ਸਮੱਸਿਆਵਾਂ ਵੀ ਵਧ ਰਹੀਆਂ ਹਨ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਗੁਰਦਾਸਪੁਰ ਨੇ ਇੱਕ ਅਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਲੂ ਤੋਂ ਬਚਾਅ ਦੇ ਉਪਾਅ ਦੱਸੇ ਹਨ।
ਸਿਵਲ ਸਰਜਨ ਗੁਰਦਾਸਪੁਰ ਡਾ. ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਜਦੋਂ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋ ਜਾਂਦਾ ਹੈ ਤਾਂ ਉਸ ਸਥਿਤੀ ਨੂੰ ਗਰਮੀ ਦੀ ਲਹਿਰ (ਹੀਟ ਵੇਵ) ਕਿਹਾ ਜਾਂਦਾ ਹੈ। ਇੰਨਾ ਉੱਚਾ ਤਾਪਮਾਨ ਸਰੀਰ ਦੀ ਤਾਪ-ਨਿਯੰਤਰਣ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ ਕਾਬੂ ਵਿੱਚ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ।
ਇਹ ਲੋਕ ਹਨ ਵਧੇਰੇ ਜੋਖਮ ਵਿੱਚ
ਡਾ. ਪ੍ਰਭਾਕਰ ਨੇ ਦੱਸਿਆ ਕਿ ਹੀਟ ਸਟ੍ਰੋਕ ਦਾ ਖ਼ਤਰਾ ਸਭ ਨੂੰ ਹੈ, ਪਰ ਕੁਝ ਵਰਗਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ — ਜਿਨ੍ਹਾਂ ਵਿੱਚ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਬਾਹਰ ਕੰਮ ਕਰਨ ਵਾਲੇ ਮਜ਼ਦੂਰ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ ਅਤੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਸ਼ਾਮਲ ਹਨ।
ਇਹ ਕਰੋ
ਅਡਵਾਈਜ਼ਰੀ ਅਨੁਸਾਰ ਬਾਹਰ ਦੇ ਕੰਮ ਦਿਨ ਦੇ ਠੰਡੇ ਵੇਲੇ ਭਾਵ ਸਵੇਰੇ ਜਾਂ ਸ਼ਾਮ ਵੇਲੇ ਕਰਨੇ ਚਾਹੀਦੇ ਹਨ। ਪਿਆਸ ਨਾ ਲੱਗੀ ਹੋਵੇ ਤਾਂ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ — ਹਾਲਾਂਕਿ ਦਿਲ, ਗੁਰਦੇ ਜਾਂ ਜਿਗਰ ਦੀ ਬਿਮਾਰੀ ਕਾਰਨ ਤਰਲ-ਪ੍ਰਤੀਬੰਧਿਤ ਖੁਰਾਕ ‘ਤੇ ਹੋਣ ਵਾਲੇ ਪਹਿਲਾਂ ਡਾਕਟਰ ਨਾਲ ਸਲਾਹ ਕਰਨ। ਧੁੱਪ ਵਿੱਚ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਸੂਤੀ ਅਤੇ ਪੂਰੀ ਬਾਹਾਂ ਵਾਲੇ ਕੱਪੜੇ ਪਹਿਨੋ। ਸਿਰ ਢਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ ਅਤੇ ਨੰਗੇ ਪੈਰੀਂ ਬਾਹਰ ਨਾ ਨਿਕਲੋ।
ਨਿੰਬੂ ਪਾਣੀ, ਲੱਸੀ ਅਤੇ ਨਾਰੀਅਲ ਪਾਣੀ ਵਰਗੇ ਦੇਸੀ ਪੀਣ ਵਾਲੇ ਪਦਾਰਥ ਵਧੇਰੇ ਪੀਓ। ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਵਰਗੇ ਪਾਣੀ ਭਰੇ ਮੌਸਮੀ ਫਲ-ਸਬਜ਼ੀਆਂ ਖਾਓ। ਪਿਆਜ਼ ਦਾ ਸਲਾਦ ਅਤੇ ਨਮਕ-ਜੀਰੇ ਸਮੇਤ ਕੱਚਾ ਅੰਬ ਖਾਣ ਵਰਗੇ ਰਵਾਇਤੀ ਨੁਸਖੇ ਵੀ ਹੀਟ ਸਟ੍ਰੋਕ ਤੋਂ ਬਚਾਅ ਕਰਦੇ ਹਨ। ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਲਈ ਗੂੜ੍ਹੇ ਚਸ਼ਮੇ ਪਾਓ। ਘਰ ਦੀਆਂ ਛੱਤਾਂ ‘ਤੇ ਤੂੜੀ ਵਿਛਾ ਕੇ ਜਾਂ ਸਬਜ਼ੀਆਂ ਉਗਾ ਕੇ ਘਰ ਦਾ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ।
ਇਹ ਨਾ ਕਰੋ
ਅਡਵਾਈਜ਼ਰੀ ਵਿੱਚ ਦੁਪਹਿਰ 12 ਤੋਂ 3 ਵਜੇ ਦਰਮਿਆਨ ਧੁੱਪ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਸ਼ਰਾਬ, ਚਾਹ, ਕੌਫ਼ੀ ਅਤੇ ਕਾਰਬੋਨੇਟਿਡ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਦੂਰ ਰਹੋ ਕਿਉਂਕਿ ਇਹ ਸਰੀਰ ਵਿੱਚੋਂ ਪਾਣੀ ਘਟਾਉਂਦੇ ਹਨ। ਤਲੇ ਹੋਏ ਅਤੇ ਬਾਸੀ ਭੋਜਨ ਤੋਂ ਵੀ ਬਚਣਾ ਚਾਹੀਦਾ ਹੈ। ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਵਾਹਨ ਵਿੱਚ ਕਦੇ ਨਾ ਛੱਡੋ।
ਇਹ ਲੱਛਣ ਦਿਖਣ ‘ਤੇ ਤੁਰੰਤ ਡਾਕਟਰ ਕੋਲ ਜਾਓ
ਜੇਕਰ ਕਿਸੇ ਨੂੰ ਮਾਨਸਿਕ ਸੰਤੁਲਨ ਵਿੱਚ ਬਦਲਾਅ, ਬੇਚੈਨੀ, ਬੋਲਣ ਵਿੱਚ ਔਖ, ਹਕਲਾਉਣਾ ਜਾਂ ਦੌਰੇ ਪੈਣ ਵਰਗੇ ਲੱਛਣ ਆਉਣ, ਚਮੜੀ ਗਰਮ-ਲਾਲ ਅਤੇ ਖ਼ੁਸ਼ਕ ਹੋ ਜਾਵੇ, ਸਰੀਰ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਚਲਾ ਜਾਵੇ, ਗੰਭੀਰ ਸਿਰਦਰਦ, ਚੱਕਰ ਆਉਣੇ, ਬੇਹੋਸ਼ੀ, ਮਾਸਪੇਸ਼ੀਆਂ ਵਿੱਚ ਇੱਕ ਘੰਟੇ ਤੋਂ ਵੱਧ ਦਾ ਖਿਚਾਅ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣਾ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰੀ ਮਦਦ ਲਈ ਜਾਵੇ।
ਡਾ. ਪ੍ਰਭਾਕਰ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਸਟਾਫ਼, ਸਮਾਜਸੇਵੀ ਸੰਸਥਾਵਾਂ ਅਤੇ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਨੂੰ ਲੂ ਤੋਂ ਬਚਾਅ ਬਾਰੇ ਜਾਗਰੂਕ ਕਰਨ। ਜ਼ਿਲ੍ਹਾ ਮਹਾਂਮਾਰੀ ਮਾਹਰ (ਐਪੀਡੀਮੋਲੋਜਿਸਟ) ਡਾ. ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓ.ਆਰ.ਐਸ. ਅਤੇ ਹੋਰ ਲੋੜੀਂਦੀਆਂ ਦਵਾਈਆਂ ਦਾ ਪੂਰਾ ਭੰਡਾਰ ਮੌਜੂਦ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਗਰਮੀ ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।