ਗੁਰਦਾਸਪੁਰ, 16 ਮਈ 2026 (ਮੰਨਨ ਸੈਣੀ)। ਰਾਜਸਥਾਨ-ਜੰਮੂ ਕਸ਼ਮੀਰ ਕੌਮੀ ਮਾਰਗ ਨਿਰਮਾਣ ਲਈ ਜ਼ਮੀਨ ਅਧਿਗ੍ਰਹਿਣ ਮੁਆਵਜ਼ੇ ਦੇ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਗੁਰਦਾਸਪੁਰ ਵਿੱਚ ਤਾਇਨਾਤ ਮਹਿਲਾ ਪੀਸੀਐੱਸ ਅਧਿਕਾਰੀ ਅਤੇ ਉਪਮੰਡਲ ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਤਰਨਤਾਰਨ ਦੀ ਪੱਟੀ ਪੁਲਿਸ ਨੇ ਲੰਮੇ ਸਮੇਂ ਤੋਂ ਚੱਲ ਰਹੀ ਜਾਂਚ ਦੇ ਆਧਾਰ ‘ਤੇ ਕੀਤੀ। ਇਸ ਦੀ ਪੁਸ਼ਟੀ ਐਸਐਸਪੀ ਤਰਨਤਾਰਨ ਆਈਪੀਐਸ ਸੁਰਿੰਦਰ ਲਾਬਾ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਇਹ ਮਾਮਲਾ ਮਾਨਯੋਗ ਹਾਈਕੋਰਟ ਅੰਦਰ ਸੀ।
ਦੱਸਣਯੋਗ ਹੈ ਕਿ ਦੋਸ਼ ਹੈ ਕਿ ਕੌਮੀ ਮਾਰਗ ਨਿਰਮਾਣ ਦੌਰਾਨ ਜ਼ਮੀਨ ਗ੍ਰਹਿਣ ਮੁਆਵਜ਼ੇ ਦੀ 1 ਕਰੋੜ 63 ਲੱਖ ਰੁਪਏ ਦੀ ਰਕਮ ਅਜਿਹੇ ਵਿਅਕਤੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਜਿਨ੍ਹਾਂ ਦਾ ਸੰਬੰਧਿਤ ਜ਼ਮੀਨ ਨਾਲ ਕੋਈ ਸੰਬੰਧ ਨਹੀਂ ਸੀ।
ਜਾਣਕਾਰੀ ਅਨੁਸਾਰ ਅਨੁਪ੍ਰੀਤ ਕੌਰ ਰੰਧਾਵਾ ਉਸ ਸਮੇਂ ਤਰਨਤਾਰਨ ਵਿੱਚ ਉਪਮੰਡਲ ਅਧਿਕਾਰੀ ਵਜੋਂ ਤਾਇਨਾਤ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ 2018 ਤੋਂ 2019 ਦਰਮਿਆਨ ਕੌਮੀ ਮਾਰਗ-54 ਲਈ ਜ਼ਮੀਨ ਗ੍ਰਹਿਣ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸੇ ਦੌਰਾਨ ਪੰਜ ਅਯੋਗ ਵਿਅਕਤੀਆਂ ਦੇ ਖਾਤਿਆਂ ਵਿੱਚ ਸਰਕਾਰੀ ਮੁਆਵਜ਼ੇ ਦੀ ਰਕਮ ਜਾਰੀ ਕਰ ਦਿੱਤੀ ਗਈ। ਦੋਸ਼ ਹੈ ਕਿ ਇਹ ਭੁਗਤਾਨ ਮਾਲ ਵਿਭਾਗ ਦੇ ਰਿਕਾਰਡਾਂ ਦੀ ਪੁਸ਼ਟੀ ਕੀਤੇ ਬਿਨਾਂ ਕੀਤਾ ਗਿਆ।
ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੱਟੀ ਦੇ ਤਤਕਾਲੀ ਉਪਮੰਡਲ ਅਧਿਕਾਰੀ ਨਵਰਾਜ ਸਿੰਘ ਬਰਾੜ ਨੇ ਤਤਕਾਲੀ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਸ਼ਿਕਾਇਤ ਭੇਜੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਵਾਂ ‘ਤੇ ਰਕਮ ਜਾਰੀ ਕੀਤੀ ਗਈ, ਉਨ੍ਹਾਂ ਦੀ ਜ਼ਮੀਨ ਕੌਮੀ ਮਾਰਗ ਪ੍ਰਾਜੈਕਟ ਲਈ ਗ੍ਰਹਿਣ ਹੀ ਨਹੀਂ ਕੀਤੀ ਗਈ ਸੀ। ਜਾਂਚ ਤੋਂ ਬਾਅਦ 5 ਸਤੰਬਰ 2019 ਨੂੰ ਥਾਣਾ ਸਿਟੀ ਪੱਟੀ ਵਿੱਚ ਧੋਖਾਧੜੀ, ਅਪਰਾਧਿਕ ਵਿਸ਼ਵਾਸਘਾਤ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਜਾਂਚ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਉਨ੍ਹਾਂ ਵਿੱਚ ਮਾਨਾਂਵਾਲਾ ਨਿਵਾਸੀ ਜਸਬੀਰ ਕੌਰ, ਫ਼ਤਹਿਪੁਰ ਅਲਗੋ ਮਹਿਮੂਦਪੁਰਾ ਨਿਵਾਸੀ ਰਾਜਵਿੰਦਰ ਕੌਰ, ਕੋਟ ਦਸੌਂਧੀ ਮੱਲ ਨਿਵਾਸੀ ਸਰਤਾਜ ਸਿੰਘ, ਅੰਮ੍ਰਿਤਸਰ ਨਿਵਾਸੀ ਬਿਕਰਮਜੀਤ ਸਿੰਘ ਅਤੇ ਗੁਰਜੀਤ ਕੌਰ ਸ਼ਾਮਲ ਹਨ। ਮਾਲ ਵਿਭਾਗ ਦੇ ਰਿਕਾਰਡਾਂ ਵਿੱਚ ਇਨ੍ਹਾਂ ਵਿਅਕਤੀਆਂ ਦੀ ਜ਼ਮੀਨ ਦਾ ਕੋਈ ਜ਼ਿਕਰ ਨਹੀਂ ਮਿਲਿਆ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਵਿੱਚ ਵੀ ਇਨ੍ਹਾਂ ਦੇ ਨਾਂ ਸ਼ਾਮਲ ਨਹੀਂ ਸਨ।
ਜਾਂਚ ਵਿੱਚ ਆਇਆ ਐੱਸਡੀਐੱਮ ਦਾ ਨਾਂ ਸਾਹਮਣੇ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੰਬੰਧਿਤ ਭੁਗਤਾਨ ਤਤਕਾਲੀ ਉਪਮੰਡਲ ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਦੇ ਦਸਤਖ਼ਤਾਂ ਤੋਂ ਬਾਅਦ ਜਾਰੀ ਕੀਤੇ ਗਏ। ਇਸ ਨੂੰ ਸਰਕਾਰੀ ਧਨ ਦੇ ਗਬਨ ਦਾ ਗੰਭੀਰ ਮਾਮਲਾ ਮੰਨਿਆ ਗਿਆ। ਬਾਅਦ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਵੀ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਸੀ। ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਤਤਕਾਲੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅਨੁਪ੍ਰੀਤ ਕੌਰ ਰੰਧਾਵਾ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਹੁਣ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਇਹ ਵੀ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਇਸ ਪੂਰੇ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਰਕਮ ਕਿਸ ਤਰੀਕੇ ਨਾਲ ਜਾਰੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ