ਪੰਜਾਬ

ਆਪ ਨੂੰ ਕਰਾਰਾ ਝਟਕਾ, ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਜਪਾ ਵਿਚ ਸ਼ਾਮਿਲ

ਆਪ ਨੂੰ ਕਰਾਰਾ ਝਟਕਾ, ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਜਪਾ ਵਿਚ ਸ਼ਾਮਿਲ
  • PublishedMay 11, 2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਰਵਾਇਆ ਸ਼ਾਮਿਲ

ਸਾਜਣ ਖੇੜਾ ਤੇ ਬਲਜਿੰਦਰ ਸਿੰਘ ਬਰਨਾਲਾ ਵੀ ਹੋਏ ਭਾਜਪਾ ਵਿਚ ਸ਼ਾਮਿਲ

ਸਰਕਾਰੀ ਸੱਤਾ ਦੇ ਜੋਰ ਤੇ ਭਾਜਪਾ ਵਰਕਰਾਂ ਤੇ ਦਫ਼ਤਰਾਂ ਤੇ ਹਮਲੇ ਕਰਨ ਨਾਲ ਈਡੀ ਤੇ ਸੀਬੀਆਈ ਦੀ ਰੇਡ ਬੰਦ ਨਹੀਂ ਹੋਣਗੀਆਂ-ਜਾਖੜ

ਹਰੇਕ ਭ੍ਰਿਸ਼ਟਾਚਾਰੀ ਦਾ ਹੋਵੇਗਾ ਹਿਸਾਬ, ਪੱਖਪਾਤੀ ਅਫ਼ਸਰਾਂ ਨੂੰ ਚਿਤਾਵਨੀ, ਕਾਨੂੰਨ ਅਨੁਸਾਰ ਕਰੋ ਕੰਮ

ਭਾਜਪਾ ਸਥਾਨਕ ਸਰਕਾਰਾਂ ਚੋਣਾਂ ਲਈ ਤਿਆਰ

ਚੰਡੀਗੜ੍ਹ, 11 ਮਈ 2026 (ਦੀ ਪੰਜਾਬ ਵਾਇਰ)– ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜਰੀ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਤੋਂ ਇਲਾਵਾ ਬਰਨਾਲਾ ਦੇ ਕਾਰੋਬਾਰੀ ਤੇ ਐਨਆਰਆਈ ਬਲਜਿੰਦਰ ਸਿੰਘ ਬਰਨਾਲਾ ਤੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੇ ਪੀਏ ਰਹੇ ਅਤੇ ਆਪ ਦੇ ਅਰਨੀਵਾਲਾ ਜੋਲ ਇੰਚਾਰਜ ਮਨਜਿੰਦਰ ਸਿੰਘ ਸਾਜਣ ਖੇੜਾ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ  ਕਰਦਿਆਂ ਸੁਨੀਲ ਜਾਖੜ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਲੋਕ ਜਿਸ ਬਦਲਾਅ ਦੀ ਉਮੀਦ ਨਾਲ ਆਪ ਨਾਲ ਜੁੜੇ ਸਨ, ਉਸ ਸੁਪਨੇ ਟੁੱਟਣ ਤੇ ਅੱਜ ਭਾਜਪਾ ਦੇ ਪਰਿਵਾਰ ਵਿਚ ਸ਼ਾਮਿਲ ਹੋ ਰਹੇ ਹਨ।

ਇਸ ਮੌਕੇ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਬਟਾਲਾ, ਤਰਨਤਾਰਨ ਤੇ ਲੁਧਿਆਣਾ ਵਿਚ ਭਾਜਪਾ ਦੇ ਦਫ਼ਤਰਾਂ ਤੇ ਵਰਕਰਾਂ ਤੇ ਹੋਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਜਪਾ ਸੂਬਾ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਸਭ ਦਾ ਹਿਸਾਬ ਹੋਵੇਗਾ। ਉਨ੍ਹਾਂ ਨੇ ਇਸ ਮੌਕੇ ਵਿਸੇਸ਼ ਤੌਰ ਤੇ ਪੁਲਿਸ ਤੇ ਸਿਵਲ ਅਫਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਯਾਦ ਰੱਖਣ ਕਿ ਉਹ ਸਰਕਾਰ ਦੇ ਖਜਾਨੇ ਵਿਚੋਂ ਤਨਖਾਹ ਲੈਂਦੇ ਹਨ ਤੇ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ਨਾ ਕਿ ਕਿਸੇ ਪਾਰਟੀ ਦੇ ਕਰਿੰਦੇ। ਇਸ ਲਈ ਕਾਨੂੰਨ ਅਨੁਸਾਰ ਕੰਮ ਕਰਨ ਅਤੇ ਜੋ ਕੋਈ ਵੀ ਆਪਣੇ ਅਹੁਦੇ ਦਾ ਦੁਰਪਯੋਗ ਕਰੇਗਾ ਉਸ ਖਿਲਾਫ ਸਮਾਂ ਆਉਣ ਤੇ ਕਾਰਵਾਈ ਹੋਵੇਗੀ।

ਉਨ੍ਹਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਜਪਾ ਦੇ ਦਫਤਰਾਂ ਤੇ ਹਮਲੇ ਕਰਨ ਨਾਲ ਈਡੀ ਤੇ ਸੀਬੀਆਈ ਦੀ ਰੇਡ ਖਤਮ ਨਹੀਂ ਹੋਣਗੀਆਂ। ਜਿੱਥੇ ਕਿਤੇ ਵੀ ਭ੍ਰਿਸ਼ਟਾਚਾਰ ਹੋਇਆ ਹੈ ਉਸਦੀ ਜਾਂਚ ਤਾਂ ਦੇਣਾ ਪਵੇਗਾ ਅਤੇ ਵਾਰੀ ਹਰੇਕ ਭ੍ਰਿਸ਼ਟਾਚਾਰੀ ਦੀ ਆਵੇਗੀ।

ਸੁਨੀਲ ਜਾਖੜ ਨੇ ਕਿਹਾ ਕਿ ਆਪ ਨੂੰ ਪੰਜਾਬ ਵਿਚ ਮਮਤਾ ਦੇ ਬੰਗਾਲ ਵਰਗੇ ਹਾਲਾਤ ਨਹੀਂ ਬਣਾਉਣ ਦੇਣ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਇਸ ਤਰਾਂ ਦੇ ਆਪ ਪਾਰਟੀ ਦੇ ਪੁਲਿਸ ਬਲ ਦੇ ਸਹਿਯੋਗ ਨਾਲ ਹੋ ਰਹੇ ਤਸੱਤਦ ਦਾ ਪੂਰੇ ਜੋਸ਼ ਨਾਲ ਟਾਕਰਾ ਕੀਤਾ ਜਾਵੇਗਾ ਅਤੇ ਆਪ ਦੀ ਗੁੰਡਾਗਰਦੀ ਪਾਰਟੀ ਨੂੰ ਲੋਕਾਂ ਦੀ ਗੱਲ ਕਰਨ ਤੋਂ ਰੋਕ ਨਹੀਂ ਸਕਦੀ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਪੂਰੀ ਤਰਾਂ ਨਾਲ ਤਿਆਰ ਹੈ ਅਤੇ ਪੰਜਾਬ ਦੇ ਲੋਕ ਵੀ ਤਿਆਰ ਹਨ ਭ੍ਰਿਸ਼ਟ ਆਪ ਦੇ ਸ਼ਾਸਣ ਦਾ ਅੰਤ ਕਰਨ ਲਈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਸਰਕਾਰੀ ਮਸ਼ਨੀਰੀ ਆਪਣੀ ਨਿਰਪੱਖਤਾ ਬਣਾਈ ਰੱਖੇ ਨਹੀਂ ਤਾਂ ਲੀਡਰਾਂ ਦੇ ਨਾਲ ਨਾਲ ਪੱਖਪਾਤੀ ਅਫ਼ਸਰਾਂ ਨੂੰ ਵੀ ਸਮਾਂ ਆਉਣ ਤੇ ਜਵਾਬਦੇਹ ਬਣਾਇਆ ਜਾਵੇਗਾ।

Written By
The Punjab Wire