ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧ: ਰਮਨ ਬਹਿਲ
ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਆਧੁਨਿਕ ਕਲਾਸਰੂਮਾਂ ਦਾ ਉਦਘਾਟਨ; 14 ਕੰਪਿਊਟਰ ਅਤੇ 4 ਐਲ.ਈ.ਡੀ. ਪੈਨਲ ਵੀ ਮੁਹੱਈਆ
ਗੁਰਦਾਸਪੁਰ, 8 ਮਈ 2026 (ਮੰਨਨ ਸੈਣੀ)। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਸਥਾਨਕ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਦੋ ਆਧੁਨਿਕ ਕਲਾਸਰੂਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬਹਿਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਨਵੇਂ ਕੰਪਿਊਟਰ ਦਿੱਤੇ ਜਾ ਰਹੇ ਹਨ ਅਤੇ ਇਸੇ ਕੜੀ ਤਹਿਤ ਇਸ ਸਕੂਲ ਨੂੰ 14 ਨਵੇਂ ਕੰਪਿਊਟਰ ਅਤੇ 4 ਐਲ.ਈ.ਡੀ. ਪੈਨਲ ਮੁਹੱਈਆ ਕਰਵਾਏ ਗਏ ਹਨ। ਬਹਿਲ ਨੇ ਭਵਿੱਖ ਵਿੱਚ ਵੀ ਸਕੂਲ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਸਕੂਲ ਇੰਚਾਰਜ ਅਰਚਨਾ ਜੋਸ਼ੀ ਨੇ ਮੁੱਖ ਮਹਿਮਾਨ ਅਤੇ ਹੋਰ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਬਲਜਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਇਆ। ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਅਸ਼ਵਨੀ ਸ਼ਰਮਾ ਅਤੇ ਲੈਕਚਰਾਰ ਵਿਪਨ ਕੁਮਾਰ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਰਮਨ ਬਹਿਲ ਅਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਮੰਚ ਸੰਚਾਲਨ ਸ਼੍ਰੀਮਤੀ ਕਰਮਜੀਤ ਕੌਰ ਨੇ ਕੀਤਾ।
ਇਸ ਮੌਕੇ ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਕੋਆਰਡੀਨੇਟਰ ਗਗਨ ਮਹਾਜਨ, ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਰਾਜੇਸ਼ ਤਿੱਬੜ, ਹੇਮਰਾਜ ਗਿੱਲ, ਸੋਸ਼ਲ ਮੀਡੀਆ ਬਲਾਕ ਪ੍ਰਧਾਨ ਰਿਸ਼ੀ ਕਾਂਤ, ਸਕੂਲ ਚੇਅਰਮੈਨ ਦੀਪਿਕਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸਟਾਫ਼ ਮੈਂਬਰ ਹਾਜ਼ਰ ਸਨ।