ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਹਥਿਆਰਬੰਦ ਸੈਨਾਵਾਂ ਦੇ ਪ੍ਰਤੀ ਸਨਮਾਨ ਵਜੋਂ ਆਪਣੀਆਂ ਸੋਸ਼ਲ ਮੀਡੀਆ ਡਿਸਪਲੇ ਤਸਵੀਰਾਂ ਬਦਲਣ ਦੀ ਅਪੀਲ ਕੀਤੀ ਹੈ
ਚੰਡੀਗੜ੍ਹ, 7 ਮਈ 2026 (ਦੀ ਪੰਜਾਬ ਵਾਇਰ)। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਅੱਜ ਇੱਕ ਸਾਲ ਪੂਰੇ ਹੋਣ ‘ਤੇ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਸਟੀਕਤਾ ਅਤੇ ਦ੍ਰਿੜ੍ਹ ਇਰਾਦੇ ਨੂੰ ਸਲਾਮ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੇ ਪਹਿਲਗਾਮ ਵਿੱਚ ਨਿਰਦੋਸ਼ ਭਾਰਤੀਆਂ ‘ਤੇ ਹਮਲਾ ਕਰਨ ਦੀ ਹਿੰਮਤ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦਿੱਤਾ।
ਸ਼੍ਰੀ ਮੋਦੀ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਅੱਤਵਾਦ ਵਿਰੁੱਧ ਭਾਰਤ ਦੀ ਸਖ਼ਤ ਕਾਰਵਾਈ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਉਸਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਨੇ ਹਥਿਆਰਬੰਦ ਸੈਨਾਵਾਂ ਦੀ ਪੇਸ਼ਾਵਰ ਸਮਰੱਥਾ, ਤਿਆਰੀ ਅਤੇ ਤਾਲਮੇਲ ਵਾਲੀ ਤਾਕਤ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਲਾਂ ਦੀ ਇੱਕਜੁੱਟਤਾ ਦਾ ਪ੍ਰਦਰਸ਼ਨ ਹੋਇਆ ਹੈ ਅਤੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਲਈ ਭਾਰਤ ਦੇ ਯਤਨਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਮਜ਼ਬੂਤੀ ਦਾ ਵੀ ਪਤਾ ਲੱਗਦਾ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਦੁਹਰਾਇਆ ਕਿ ਭਾਰਤ ਅੱਤਵਾਦ ਨੂੰ ਹਰਾਉਣ ਅਤੇ ਉਸਦੇ ਪ੍ਰਸਾਰ ਵਿੱਚ ਸਹਾਇਤਾ ਕਰਨ ਵਾਲੇ ਪੂਰੇ ਤੰਤਰ ਨੂੰ ਖ਼ਤਮ ਕਰਨ ਦੇ ਆਪਣੇ ਇਰਾਦੇ ’ਤੇ ਪਹਿਲਾਂ ਵਾਂਗ ਅਟੱਲ ਹੈ।”
ਸ਼੍ਰੀ ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਹਥਿਆਰਬੰਦ ਸੈਨਾਵਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੇ ਲੋਕਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਹਰ ਭਾਰਤੀ ਨੂੰ ਹਥਿਆਰਬੰਦ ਸੈਨਾਵਾਂ ‘ਤੇ ਮਾਣ ਹੈ।
ਹਥਿਆਰਬੰਦ ਸੈਨਾਵਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਆਪ੍ਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਦੀ ਸਫਲਤਾ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਜ਼ ‘ਤੇ ਆਪਣੀਆਂ ਡਿਸਪਲੇ ਤਸਵੀਰਾਂ ਨੂੰ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਨਾਲ ਬਦਲ ਦੇਣ।