ਗੁਰਦਾਸਪੁਰ

ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਤੀਜੇ ਪੜਾਅ ਵਿੱਚ ਅਰਜ਼ੀ ਦੇਣ ਦਾ ਸੱਦਾ ਦਿੱਤਾ

ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦੇ ਤੀਜੇ ਪੜਾਅ ਵਿੱਚ ਅਰਜ਼ੀ ਦੇਣ ਦਾ ਸੱਦਾ ਦਿੱਤਾ
  • PublishedMay 6, 2026

ਚੁਣੇ ਗਏ ਇੰਟਰਨਜ਼ ਨੂੰ 9,000 ਰੁਪਏ ਮਾਸਿਕ ਵਿੱਤੀ ਸਹਾਇਤਾ ਅਤੇ ਬੀਮਾ ਕਵਰੇਜ ਮਿਲੇਗੀ; 18 ਤੋਂ 25 ਸਾਲ ਉਮਰ ਦੇ ਨੌਜਵਾਨ ਕਰ ਸਕਦੇ ਹਨ ਅਪਲਾਈ

ਗੁਰਦਾਸਪੁਰ, 6 ਮਈ 2026 (ਮੰਨਨ ਸੈਣੀ)। ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਤੀਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸਹਿ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ, ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਰੋਜ਼ਗਾਰ ਦੇ ਚਾਹਵਾਨ ਨੌਜਵਾਨ www.pminternship.mca.gov.in ਵੈੱਬਸਾਈਟ ‘ਤੇ ਜਾ ਕੇ ਨਾਮਵਰ ਕੰਪਨੀਆਂ ਵਿੱਚ ਕੰਮ ਕਰਨ ਦਾ ਤਜਰਬਾ ਅਤੇ ਹੁਨਰ ਹਾਸਲ ਕਰਨ ਲਈ ਅਰਜ਼ੀ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮਕਸਦ ਨੌਜਵਾਨਾਂ ਨੂੰ ਅਸਲ ਕਾਰੋਬਾਰੀ ਮਾਹੌਲ ਵਿੱਚ ਸਿਖਲਾਈ ਦੇ ਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਧਾਉਣਾ ਹੈ। ਚੁਣੇ ਗਏ ਇੰਟਰਨਜ਼ ਨੂੰ ਇੰਟਰਨਸ਼ਿਪ ਦੌਰਾਨ 9,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇੰਟਰਨਸ਼ਿਪ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਕਵਰੇਜ ਵੀ ਦਿੱਤੀ ਜਾਵੇਗੀ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਅਰਜ਼ੀ ਦੇਣ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਈ ਸਕੂਲ, ਹਾਇਰ ਸੈਕੰਡਰੀ, ITI, ਪੌਲੀਟੈਕਨਿਕ ਡਿਪਲੋਮਾ ਜਾਂ BA, B.Sc, B.Com, B.E/B.Tech ਡਿਗਰੀ ਧਾਰਕ ਅਰਜ਼ੀ ਦੇ ਸਕਦੇ ਹਨ। ਗ੍ਰੈਜੂਏਸ਼ਨ ਜਾਂ ਪੋਸਟ-ਗ੍ਰੈਜੂਏਸ਼ਨ ਦੇ ਆਖਰੀ ਸਾਲ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਹਾਲਾਂਕਿ IIT, IIM, IISER, NLU ਵਰਗੇ ਅਦਾਰਿਆਂ ਦੇ ਪਾਸਆਊਟ ਜਾਂ CA, CS, MBBS, MBA, PhD ਵਰਗੀ ਯੋਗਤਾ ਵਾਲੇ ਉਮੀਦਵਾਰ ਇਸ ਸਕੀਮ ਲਈ ਯੋਗ ਨਹੀਂ ਹਨ। ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 12 ਲੱਖ ਰੁਪਏ ਤੋਂ ਵੱਧ ਹੈ ਜਾਂ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਪੱਕਾ ਸਰਕਾਰੀ ਕਰਮਚਾਰੀ ਹੈ, ਉਹ ਵੀ ਅਪਲਾਈ ਕਰਨ ਦੇ ਯੋਗ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਇਸ ਲਈ ਆਧਾਰ ਅਧਾਰਤ ਈ-ਕੇਵਾਈਸੀ ਲਾਜ਼ਮੀ ਹੈ। ਉਮੀਦਵਾਰ ਆਪਣੀ ਪਸੰਦ ਦੇ ਖੇਤਰ, ਭੂਮਿਕਾ ਅਤੇ ਥਾਂ ਅਨੁਸਾਰ ਇੰਟਰਨਸ਼ਿਪ ਲਈ ਅਰਜ਼ੀ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 94787-27217 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 217, ਬਲਾਕ-ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿੱਚ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ।

Written By
The Punjab Wire