ਪੰਜਾਬ ਵਿਸ਼ੇਸ਼

“ਸੁਨਾਮ ਦੀ ਧੀ” ਤੋਂ “ਸੰਗਰੂਰ ਦੀ ਡੀਸੀ” ਤੱਕ

“ਸੁਨਾਮ ਦੀ ਧੀ” ਤੋਂ “ਸੰਗਰੂਰ ਦੀ ਡੀਸੀ” ਤੱਕ
  • PublishedMay 6, 2026

ਸ਼ਾਸਨ ਤੋਂ ਪ੍ਰਸ਼ਾਸਨ ਤੱਕ — ਸੁਨਾਮ ਦਾ ਦਬਦਬਾ

ਸੁਨਾਮ ਊਧਮ ਸਿੰਘ ਵਾਲਾ, 6 ਮਈ 2026 (ਦੀ ਪੰਜਾਬ ਵਾਇਰ)। ਇਸ ਨੂੰ ਸੁਖਾਵਾਂ ਇਤਫ਼ਾਕ ਕਿਹਾ ਜਾਵੇ ਜਾਂ ਸਖ਼ਤ ਮਿਹਨਤ ਦਾ ਫ਼ਲ — ਸੰਗਰੂਰ ਦੇ ਪ੍ਰਸ਼ਾਸਨਿਕ ਇਤਿਹਾਸ ਵਿੱਚ ਇੱਕ ਸੁਨਹਿਰਾ ਵਰਕਾ ਜੁੜ ਗਿਆ ਹੈ। ਸੁਨਾਮ ਦੀਆਂ ਗਲੀਆਂ ਵਿੱਚ ਪਲੀ-ਵਧੀ ਅਤੇ ਇੱਥੋਂ ਦੀ ਮਿੱਟੀ ਵਿੱਚ ਆਪਣੀਆਂ ਜੜ੍ਹਾਂ ਸਿੰਜਣ ਵਾਲੀ ਆਈਏਐੱਸ ਅਫ਼ਸਰ ਪੂਨਮਦੀਪ ਕੌਰ ਨੇ ਹੁਣ ਆਪਣੇ ਹੀ ਜ਼ਿਲ੍ਹੇ ਦੀ ਵਾਗਡੋਰ ਸੰਭਾਲ ਲਈ ਹੈ। ਸੁਨਾਮ ਦੀ ਧੀ ਦਾ ਸੰਗਰੂਰ ਦੀ ਡੀਸੀ ਵਜੋਂ ਅਹੁਦਾ ਸੰਭਾਲਣਾ ਨਾ ਕੇਵਲ ਉਨ੍ਹਾਂ ਦੇ ਨਿੱਜੀ ਕੈਰੀਅਰ ਦੀ ਉਪਲਬਧੀ ਹੈ, ਸਗੋਂ ਸਮੁੱਚੇ ਜ਼ਿਲ੍ਹੇ ਲਈ ਇੱਕ ਭਾਵੁਕ ਅਤੇ ਮਾਣ ਭਰਿਆ ਪਲ ਹੈ।

ਸੱਤਾ, ਜਥੇਬੰਦੀ ਅਤੇ ਹੁਣ ਪ੍ਰਸ਼ਾਸਨ — ਸੁਨਾਮ ਦਾ ‘ਸਿੱਕਾ’

ਮੌਜੂਦਾ ਦੌਰ ਵਿੱਚ ਪੰਜਾਬ ਦੀ ਸਿਆਸਤ ਅਤੇ ਪ੍ਰਸ਼ਾਸਨ ਦੇ ਕੇਂਦਰ ਵਿੱਚ ‘ਸੁਨਾਮ’ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਹ ਮਹਿਜ਼ ਇਤਫ਼ਾਕ ਨਹੀਂ ਕਿ ਸੂਬੇ ਦੀ ਕਮਾਨ ਸੰਭਾਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਚਪਨ ਅਤੇ ਪੜ੍ਹਾਈ ਇਸੇ ਮਿੱਟੀ ਵਿੱਚ ਰਚੀ-ਵਸੀ ਹੈ। ਜਥੇਬੰਦੀ ਦੀ ਗੱਲ ਕਰੀਏ ਤਾਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਪਾਰਟੀ ਨੂੰ ਨਵੀਂ ਸੇਧ ਦੇ ਰਹੇ ਹਨ। ਹੁਣ ਪ੍ਰਸ਼ਾਸਨਿਕ ਮੋਰਚੇ ‘ਤੇ ਵੀ ਸੁਨਾਮ ਦੀ ਧੀ ਪੂਨਮਦੀਪ ਕੌਰ ਦੇ ਡੀਸੀ ਬਣਨ ਨਾਲ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬ ਦੀ ਸੱਤਾ ਤੋਂ ਲੈ ਕੇ ਸਿਆਸਤ ਅਤੇ ਪ੍ਰਸ਼ਾਸਨ ਤੱਕ — ਅੱਜ ਹਰ ਪਾਸੇ ‘ਸੁਨਾਮ ਦਾ ਜਲਵਾ’ ਹੈ।

ਸੰਘਰਸ਼ ਤੋਂ ਸਫਲਤਾ ਤੱਕ ਦੀ ਜਿਉਂਦੀ ਜਾਗਦੀ ਮਿਸਾਲ

ਪੂਨਮਦੀਪ ਕੌਰ ਦਾ ਸਫ਼ਰ ਪੰਜਾਬ ਦੀਆਂ ਉਨ੍ਹਾਂ ਲੱਖਾਂ ਧੀਆਂ ਲਈ ਪ੍ਰੇਰਨਾ ਹੈ ਜੋ ਔਕੜਾਂ ਵਿੱਚ ਵੀ ਉੱਚੇ ਸੁਪਨੇ ਦੇਖਦੀਆਂ ਹਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਸਿਵਲ ਸੇਵਾ ਅਫ਼ਸਰ ਵਜੋਂ ਕੀਤੀ। ਤਹਿਸੀਲ ਤੋਂ ਲੈ ਕੇ ਜ਼ਿਲ੍ਹਾ ਸਕੱਤਰੇਤ ਤੱਕ, ਖੇਤਰ ਦੀ ਧੂੜ ਫੱਕਦਿਆਂ ਉਨ੍ਹਾਂ ਨੇ ਸ਼ਾਸਨ ਦੀਆਂ ਬਾਰੀਕੀਆਂ ਸਮਝੀਆਂ। ਉਨ੍ਹਾਂ ਦੀ ਕਰਤੱਵਨਿਸ਼ਠਾ ਅਤੇ ਕਾਰਜਕੁਸ਼ਲਤਾ ਹੀ ਸੀ ਜਿਸ ਨੇ ਉਨ੍ਹਾਂ ਨੂੰ 2013 ਬੈਚ ਦੀ ਆਈਏਐੱਸ ਅਫ਼ਸਰ ਦੇ ਮੁਕਾਮ ਤੱਕ ਪਹੁੰਚਾਇਆ।

ਸੰਵੇਦਨਸ਼ੀਲ ਕਾਰਜਸ਼ੈਲੀ ਨਾਲ ਜਿੱਤਣਗੇ ਦਿਲ

ਸਮਾਜ ਵਿਗਿਆਨ ਵਿੱਚ ਐੱਮ.ਫ਼ਿਲ ਦੀ ਡਿਗਰੀ ਧਾਰਕ ਪੂਨਮਦੀਪ ਕੌਰ ਦੀ ਪਛਾਣ ਇੱਕ ਬੇਹੱਦ ਸੰਵੇਦਨਸ਼ੀਲ ਅਫ਼ਸਰ ਵਜੋਂ ਰਹੀ ਹੈ। ਫ਼ਰੀਦਕੋਟ ਅਤੇ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਵਜੋਂ ਉਨ੍ਹਾਂ ਦੀ ਸਫਲ ਪਾਰੀ ਇਸ ਦਾ ਸਬੂਤ ਹੈ। ਗ੍ਰਹਿ ਜ਼ਿਲ੍ਹਾ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਦੀਆਂ ਭੂਗੋਲਿਕ ਅਤੇ ਸਮਾਜਿਕ ਚੁਣੌਤੀਆਂ ਦੀ ਡੂੰਘੀ ਸਮਝ ਹੈ।

Written By
The Punjab Wire