ਪੰਜਾਬ ਵਿੱਚ ਆਈਏਐੱਸ ਅਤੇ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ, ਅੱਠ ਅਧਿਕਾਰੀਆਂ ਨੂੰ ਨਵੀਆਂ ਤੈਨਾਤੀਆਂ
ਚੰਡੀਗੜ੍ਹ, 5 ਮਈ 2025 (ਦੀ ਪੰਜਾਬ ਵਾਇਰ)।ਪੰਜਾਬ ਸਰਕਾਰ ਨੇ ਅੱਜ ਪ੍ਰਬੰਧਕੀ ਜ਼ਰੂਰਤਾਂ ਦੇ ਮੱਦੇਨਜ਼ਰ ਆਈਏਐੱਸ ਅਤੇ ਪੁਲਿਸ ਅਫ਼ਸਰਾਂ ਦੀਆਂ ਵੱਡੇ ਪੱਧਰ ਉੱਤੇ ਬਦਲੀਆਂ ਕੀਤੀਆਂ ਹਨ। ਪੰਜਾਬ ਦੇ ਰਾਜਪਾਲ ਜੀ ਦੇ ਹੁਕਮਾਂ ਤਹਿਤ ਜਾਰੀ ਦੋ ਵੱਖ-ਵੱਖ ਨੋਟੀਫ਼ਿਕੇਸ਼ਨਾਂ ਵਿੱਚ ਦੋ ਆਈਏਐੱਸ ਅਤੇ ਛੇ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।
ਆਈਏਐੱਸ ਬਦਲੀਆਂ
ਪ੍ਰਸੋਨਲ ਵਿਭਾਗ ਦੀ ਆਈਏਐੱਸ ਸ਼ਾਖਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਸ੍ਰੀਮਤੀ ਪੂਨਮਦੀਪ ਕੌਰ (ਆਈਏਐੱਸ, 2013 ਬੈਚ) ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੋਂ ਬਦਲ ਕੇ ਡਿਪਟੀ ਕਮਿਸ਼ਨਰ ਸੰਗਰੂਰ ਲਾਇਆ ਗਿਆ ਹੈ। ਉਨ੍ਹਾਂ ਦੀ ਥਾਂ ਸ੍ਰੀ ਰਾਹੁਲ ਚਾਬਾ (ਆਈਏਐੱਸ, 2017 ਬੈਚ) ਨੂੰ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਭੇਜਿਆ ਗਿਆ ਹੈ। ਇਹ ਹੁਕਮ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਕੀਤੇ ਗਏ।
ਪੁਲਿਸ ਅਫ਼ਸਰਾਂ ਦੀਆਂ ਬਦਲੀਆਂ
ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਵੱਖਰੇ ਹੁਕਮਾਂ ਵਿੱਚ ਛੇ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਤਾਜ ਸਿੰਘ ਚਹਿਲ (ਆਈਪੀਐੱਸ, ਆਰਆਰ 2015) ਨੂੰ ਐੱਸਐੱਸਪੀ ਸੰਗਰੂਰ ਤੋਂ ਐੱਸਐੱਸਪੀ ਮੋਗਾ ਲਾਇਆ ਗਿਆ ਹੈ। ਰਵਜੋਤ ਗਰੇਵਾਲ (ਆਈਪੀਐੱਸ, ਆਰਆਰ 2015), ਜੋ ਵਿਜੀਲੈਂਸ ਬਿਊਰੋ ਪੰਜਾਬ ਵਿੱਚ ਜੁਆਇੰਟ ਡਾਇਰੈਕਟਰ ਸਨ, ਉਨ੍ਹਾਂ ਨੂੰ ਐੱਸਐੱਸਪੀ ਸੰਗਰੂਰ ਬਣਾਇਆ ਗਿਆ ਹੈ। ਅਜੈ ਗਾਂਧੀ (ਆਈਪੀਐੱਸ, ਆਰਆਰ 2018), ਜੋ ਐੱਸਐੱਸਪੀ ਮੋਗਾ ਸਨ, ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਏਆਈਜੀ ਪ੍ਰੋਵੀਜ਼ਨਿੰਗ ਦੀ ਖ਼ਾਲੀ ਅਸਾਮੀ ਉੱਤੇ ਤੈਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਗਨ ਅਜੀਤ ਸਿੰਘ (ਪੀਪੀਐੱਸ, ਡੀਆਰ) ਨੂੰ ਐੱਸਐੱਸਪੀ ਮਲੇਰਕੋਟਲਾ ਤੋਂ ਐੱਸਐੱਸਪੀ ਫ਼ਾਜ਼ਿਲਕਾ, ਅਤੇ ਗੁਰਮੀਤ ਸਿੰਘ (ਪੀਪੀਐੱਸ, ਟੀਪੀ/75) ਨੂੰ ਐੱਸਐੱਸਪੀ ਫ਼ਾਜ਼ਿਲਕਾ ਤੋਂ ਐੱਸਐੱਸਪੀ ਮਲੇਰਕੋਟਲਾ ਭੇਜਿਆ ਗਿਆ ਹੈ। ਸੁਖਨਾਜ਼ ਸਿੰਘ (ਪੀਪੀਐੱਸ, ਡੀਆਰ) ਦੀਆਂ ਸੇਵਾਵਾਂ ਵਿਜੀਲੈਂਸ ਬਿਊਰੋ ਪੰਜਾਬ ਦੇ ਹਵਾਲੇ ਕੀਤੀਆਂ ਗਈਆਂ ਹਨ।
ਸਾਰੇ ਸਬੰਧਤ ਅਫ਼ਸਰਾਂ ਨੂੰ ਤੁਰੰਤ ਨਵੀਂ ਤੈਨਾਤੀ ਉੱਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਬਦਲੀਆਂ ਦੇ ਹੁਕਮ ਅਤਿਰਿਕਤ ਮੁੱਖ ਸਕੱਤਰ ਗ੍ਰਹਿ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ।