ਪਰਾਲੀ ਸਾੜਨਾ ਕਾਨੂੰਨੀ ਅਪਰਾਧ ਹੈ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ- ਐਸਐਸਪੀ ਆਦਿੱਤਯ
ਗੁਰਦਾਸਪੁਰ, 5 ਮਈ 2026 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਅਤੇ ਸਰਗਰਮ ਕਦਮ ਚੁੱਕੇ ਜਾ ਰਹੇ ਹਨ। ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਆਪਣੇ ਪੁਲਿਸ ਦਲਾਂ ਸਮੇਤ ਇਲਾਕਿਆਂ ਵਿੱਚ ਲਗਾਤਾਰ ਗਸ਼ਤ ਅਤੇ ਨਿਗਰਾਨੀ ਕਰ ਰਹੇ ਹਨ। ਇਹ ਜਾਣਕਾਰੀ ਗੁਰਦਾਸਪੁਰ ਦੇ ਐਸਐਸਪੀ ਆਦਿੱਤਯ ਵੱਲੋਂ ਸਾਂਝੀ ਕੀਤੀ ਗਈ।
ਐਸਐਸਪੀ ਆਦਿੱਤਯ ਨੇ ਦੱਸਿਆ ਕਿ ਜਿੱਥੇ ਵੀ ਪਰਾਲੀ ਸਾੜਨ ਦੀ ਸੂਚਨਾ ਮਿਲਦੀ ਹੈ, ਉੱਥੇ ਫ਼ੌਰੀ ਤੌਰ ‘ਤੇ ਦਮਕਲ ਟੀਮ ਅਤੇ ਪੁਲਿਸ ਟੀਮਾ ਮੌਕੇ ‘ਤੇ ਭੇਜੀ ਜਾਂਦੀ ਹੈ ਤਾਂ ਜੋ ਅੱਗ ‘ਤੇ ਕਾਬੂ ਪਾ ਕੇ ਹੋਰ ਨੁਕਸਾਨ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਾਤਾਵਰਨ-ਪੱਖੀ ਬਦਲ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨਾ ਕਾਨੂੰਨੀ ਅਪਰਾਧ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਪੁਲਿਸ ਸਮੂਹ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਵਾਤਾਵਰਨ ਤੇ ਜਨ ਸਿਹਤ ਦੀ ਰਾਖੀ ਵਿੱਚ ਭਾਈਵਾਲ ਬਣਨ।