ਚੰਡੀਗੜ੍ਹ/ਦਿੱਲੀ, 2 ਮਈ 2026 (ਦੀ ਪੰਜਾਬ ਵਾਇਰ)।ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡਾ ਮੋੜ ਆਇਆ ਹੈ। ਆਮ ਆਦਮੀ ਪਾਰਟੀ (AAP) ਛੱਡ ਕੇ ਭਾਰਤੀ ਜਨਤਾ ਪਾਰਟੀ (BJP) ‘ਚ ਸ਼ਾਮਲ ਹੋਏ ਰਾਜਸਭਾ ਮੈਂਬਰ ਡਾ. ਸੰਦੀਪ ਪਾਠਕ ਦੇ ਖਿਲਾਫ ਪੰਜਾਬ ‘ਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਭ੍ਰਿਸ਼ਟਾਚਾਰ ਅਤੇ ਸ਼ੋਸ਼ਣ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ।
ਪੁਲਿਸ ਸੂਤਰਾਂ ਮੁਤਾਬਕ, ਪਾਠਕ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਕੇਸ ਦਰਜ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਪਹਿਲਾਂ ਹੀ ਸੰਦੀਪ ਪਾਠਕ ਦਿੱਲੀ ‘ਚ ਆਪਣੇ ਘਰ ਤੋਂ ਨਿਕਲ ਗਏ।
ਜਦੋਂ ਮੀਡੀਆ ਉਨ੍ਹਾਂ ਨਾਲ ਗੱਲ ਕਰਨ ਲਈ ਪਹੁੰਚੀ, ਤਾਂ ਉਹ ਜਲਦੀ ਵਿੱਚ ਗੱਡੀ ‘ਚ ਬੈਠ ਕੇ ਉਥੋਂ ਰਵਾਨਾ ਹੋ ਗਏ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਦੀ ਟੀਮ ਦਿੱਲੀ ਵਿੱਚ ਉਨ੍ਹਾਂ ਦੇ ਨਿਵਾਸ ‘ਤੇ ਪਹੁੰਚ ਚੁੱਕੀ ਹੈ ਅਤੇ ਕਦੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ। ਹਾਲਾਂਕਿ ਇਸ ਸਬੰਧੀ ਪੰਜਾਬ ਪੁਲਿਸ ਜਾਂ ਸਰਕਾਰੀ ਪ੍ਰਵਕਤਾ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਸੰਦੀਪ ਪਾਠਕ ਨੇ ਨਿਊਜ਼ ਏਜੰਸੀ ANI ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਆਪਣੇ ਖਿਲਾਫ ਕਿਸੇ ਵੀ ਐਫਆਈਆਰ ਦੀ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਵੀ AAP ਸਰਕਾਰ ਵੱਲੋਂ ਪਾਰਟੀ ਛੱਡਣ ਵਾਲੇ ਇੱਕ ਹੋਰ ਸੰਸਦ ਮੈਂਬਰ ਰਾਜਿੰਦਰ ਗੁਪਤਾ ਨਾਲ ਜੁੜੀ ਟ੍ਰਾਈਡੈਂਟ ਫੈਕਟਰੀ ‘ਚ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਛਾਪੇਮਾਰੀ ਕਰਵਾਈ ਗਈ ਸੀ।
ਡਾ. ਸੰਦੀਪ ਪਾਠਕ 25 ਅਪ੍ਰੈਲ ਨੂੰ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਦੇ ਨਾਲ BJP ‘ਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ, ਰਾਘਵ ਚੱਢਾ ਅਤੇ ਹਰਭਜਨ ਸਿੰਘ ਭੱਜੀ ਦੀ ਸੁਰੱਖਿਆ ਵੀ AAP ਸਰਕਾਰ ਵੱਲੋਂ ਵਾਪਸ ਲੈ ਲਈ ਗਈ ਸੀ।
(ਖ਼ਬਰ ਲਿਖੇ ਜਾਣ ਤੱਕ ਜਾਂਚ ਜਾਰੀ ਹੈ)